ਤਿੰਨਾਂ ਸੂਬਿਆਂ ਦੀ ਸਹਿਮਤੀ ਨਾਲ ਸੁਖਨਾ ਝੀਲ ਬਣੀ ਵੈਟਲੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਵਾਸੀ ਪੰਛੀਆਂ ਤੇ ਸੈਲਾਨੀਆਂ ਲਈ ਬਣੇਗੀ ਖਿੱਚ ਦਾ ਕੇਂਦਰ

Sukhna Lake

ਚੰਡੀਗੜ੍ਹ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਉਲੀਕੇ ਜਾ ਰਹੇ ਸੁਖਨਾ ਝੀਲ ਦੇ ਆਸ-ਪਾਸ ਖੇਤਰ ਨੂੰ ਵੈਟਲੈਂਡ ਐਲਾਨਣ ਨਾਲ ਇਹ ਖੇਤਰ ਹੁਣ ਪ੍ਰਵਾਸੀ ਸੈਲਾਨੀਆਂ ਤੇ ਪ੍ਰਵਾਸੀ ਪੰਛੀਆਂ ਤੇ ਜਾਨਵਰਾਂ ਲਈ ਹੋਰ ਖਿੱਚ ਦਾ ਕੇਂਦਰ ਬਣ ਸਕੇਗਾ। ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨਾਲ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਨਾਲ ਇਸ ਨੂੰ ਯੋਜਨਾਬਧ ਢੰਗ ਨਾਲ ਵਿਕਸਤ ਕੀਤਾ ਜਾਵੇਗਾ। ਸੁਖਨਾ ਝੀਲ ਦੇ 50 ਮੀਟਰ ਘੇਰੇ ਵਿਚ ਕੋਈ ਪ੍ਰਦੂਸ਼ਣ ਫੈਲਾਉਣ ਵਾਲਾ ਉਦਯੋਗ, ਕੂੜਾ-ਕਰਕਟ ਅਤੇ ਹੋਰ ਕੋਈ ਸ਼ੋਰ-ਸਰਾਬਾ ਨਹੀਂ ਹੋ ਸਕੇਗਾ, ਜਿਹੜਾ ਪ੍ਰਵਾਸੀ ਪੰਛੀਆਂ ਤੇ ਬਣੀ ਜਲਗਾਹ ਨੂੰ ਦੂਸ਼ਿਤ ਕਰ ਸਕੇ।

ਇਸ ਸਬੰਧੀ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਵਲੋਂ 2017 ਵਿਚ ਵੀ ਸੁਖਨਾ ਝੀਲ ਦੇ ਆਸ-ਪਾਸ ਖੇਤਰ ਨੂੰ ਵੈਟਲੈਂਡ ਬਣਾਉਣ ਲਈ ਨੋਟੀਫ਼ੀਕੇਸ਼ਨ ਕਰ ਦਿਤਾ ਸੀ ਪਰ ਸੁਖਨਾ ਦਾ ਪਾਣੀ ਲਗਾਤਾਰ ਸੁੱਕਣ ਲੱਗਾ ਸੀ ਅਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਤਿੰਨੋ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਿਆਦ ਸੁਖਨਾ ਨੂੰ ਸੁੱਕਣ ਤੋਂ ਬਚਾਉਣ ਲਈ ਵਿਉਂਤਾਂ ਬਣਾਉਂਦੇ ਹੀ ਲੰਘ ਗਈ ਸੀ। ਹੁਣ ਜਾ ਕੇ ਸੁਖਨਾ ਦੀ ਸੁਣਵਾਈ ਹੋਈ। 

ਕਿਵੇਂ ਐਲਾਨਿਆ ਜਾਂਦਾ ਹੈ ਵੈਟਲੈਂਡ ਖੇਤਰ? : ਇਸ ਖੇਤਰ ਵਿਚ ਉਸ ਖੇਤਰ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਥੇ ਪਾਣੀ ਦਾ ਲੈਵਲ ਆਮ ਧਰਤੀ ਦੇ ਮੈਦਾਨ ਦੇ ਬਰਾਬਰ ਖੜਾ ਰਹਿੰਦਾ ਹੋਵੇ। ਇਸ ਖੇਤਰ ਵਿਚ ਭੂਮੀ ਬਚਾਉ, ਵਾਤਾਵਰਣ ਤੇ ਜਲ ਬਚਾਉ ਦੇ 2017 ਦੇ ਨਿਯਮ ਲਾਗੂ ਹੋ ਜਾਂਦੇ ਹਨ ਜੋ ਨੇਚਰ ਦੇ ਅਸੂਲਾਂ ਦੀ ਸਵੈ ਰਖਿਆ ਕਰਦੇ ਹਨ। ਇੰਜ ਸੁਰੱਖਿਅਤ ਖੇਤਰ ਬਣਦਾ ਹੈ।

ਪੰਛੀਆਂ, ਜਾਨਵਰਾਂ ਦੀ ਸੁਰੱਖਿਆ ਲਈ ਨਿਯਮ ਹੋਣਗੇ ਲਾਗੂ : ਚੰਡੀਗੜ੍ਹ ਸ਼ਹਿਰ ਕੇਂਦਰੀ ਸ਼ਾਸਤ ਪ੍ਰਦੇਸ਼ ਹੋਣ ਸਦਕਾ ਇਥੇ ਪ੍ਰਵਾਸੀ ਤੇ ਦੇਸੀ ਪੰਛੀਆਂ ਤੇ ਹੋਰ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਬਣੇ ਕੇਂਦਰੀ ਕਾਨੂੰਨ ਲਾਗੂ ਹੋਣਗੇ, ਜਿਸ ਨਾਲ ਇਸ ਖੇਤਰ ਦੇ ਚਾਰੇ ਪਾਸਿਉਂ ਗ਼ੈਰਕਾਨੂੰਨੀ ਇਮਾਰਤਾਂ ਅਤੇ ਸੀਵਰੇਜ ਆਦਿ ਦੇ ਗੰਦੇ ਪਾਣੀ ਦੀ ਸਪਲਾਈ 'ਤੇ ਵੀ ਰੋਕ ਲੱਗੇਗੀ, ਜਿਸ ਨਾਲ ਜੈਵਿਕ ਤੇ ਹੋਰ ਪਾਣੀ ਵਿਚ ਪਲਦੇ ਜੀਵਾਂ ਦਾ ਵਿਕਾਸ ਹੋ ਸਕੇ। ਇਥੇ ਵਾਤਾਵਰਣ ਸ਼ੁੱਧ ਰੱਖਣਾ ਲਾਜ਼ਮੀ ਹੁੰਦਾ ਹੈ ਤਾਕਿ ਪ੍ਰਵਾਸੀ ਪੰਛੀ ਆਸਾਨੀ ਨਾਲ ਰਹਿ ਸਕਣ।   

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ