ਲੋਕ ਸਭਾ 'ਚ ਦੂਜੀ ਵਾਰ ਪਾਸ ਹੋਇਆ ਤਿੰਨ ਤਲਾਕ ਬਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ, ਟੀਐਮਸੀ, ਜੀਡੀਯੂ ਸਮੇਤ ਕਈ ਪਾਰਟੀਆਂ ਨੇ ਕੀਤਾ ਵਿਰੋਧ

Triple Talaq Bill Passed By Lok Sabha

ਨਵੀਂ ਦਿੱਲੀ : ਲੋਕ ਸਭਾ 'ਚ ਵੀਰਵਾਰ ਨੂੰ ਤਿੰਨ ਤਲਾਕ ਬਿਲ ਚਰਚਾ ਤੋਂ ਬਾਅਦ ਪਾਸ ਹੋ ਗਿਆ। ਇਸ ਬਿਲ ਦੇ ਪੱਖ 'ਚ 303 ਅਤੇ ਵਿਰੋਧ 'ਚ 82 ਵੋਟਾਂ ਪਈਆਂ। ਇਹ ਦੂਜੀ ਵਾਰ ਹੈ ਜਦੋਂ ਬਿਲ ਨੂੰ ਲੋਕ ਸਭਾ 'ਚ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫ਼ਰਵਰੀ 'ਚ ਵੀ ਬਿਲ ਨੂੰ ਲੋਕ ਸਭਾ 'ਚ ਮਨਜੂਰੀ ਮਿਲੀ ਸੀ, ਪਰ ਰਾਜ ਸਭਾ ਨੇ ਇਸ ਨੂੰ ਮਨਜੂਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਨਵੀਂ ਸਰਕਾਰ ਨੂੰ ਨਿਯਮਾਂ ਤਹਿਤ ਬਿਲ ਨੂੰ ਦੁਬਾਰਾ ਲੋਕ ਸਭਾ 'ਚ ਪਾਸ ਕਰਵਾਉਣਾ ਪਿਆ। ਵੋਟਿੰਗ ਦੌਰਾਨ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਜੇਡੀਯੂ ਨੇ ਬਿਲ ਦਾ ਵਿਰੋਧ ਕਰਦਿਆਂ ਸਦਨ 'ਚ ਵਾਕਆਊਟ ਕਰ ਦਿੱਤਾ।

ਬਹਿਸ ਦੌਰਾਨ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ, "ਇਹ ਬਿਲ ਧਰਮ ਜਾਂ ਭਾਈਚਾਰੇ ਨਾਲ ਨਹੀਂ ਸਗੋਂ ਔਰਤ ਦੇ ਮਾਨ-ਸਨਮਾਨ ਨਾਲ ਜੁੜਿਆ ਹੈ। ਸੁਪਰੀਮ ਕੋਰਟ ਕਹਿ ਚੁੱਕਾ ਹੈ ਕਿ ਤਿੰਨ ਤਲਾਕ ਨਾਲ ਪੀੜਤ ਮੁਸਲਿਮ ਔਰਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸੀਜੇਆਈ ਨੇ ਤਿੰਨ ਤਲਾਕ ਨੂੰ ਗ਼ੈਰ-ਸੰਵਿਧਾਨਕ ਦਸਦਿਆਂ ਕਾਨੂੰਨ ਬਣਾਉਣ ਲਈ ਕਿਹਾ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਦੇਸ਼ 'ਚ ਤਿੰਨ ਤਲਾਕ ਦੇ 345 ਮਾਮਲੇ ਸਾਹਮਣੇ ਆਏ।" 

ਰਵੀਸ਼ੰਕਰ ਪ੍ਰਸਾਦ ਨੇ ਕਿਹਾ, "ਇਸੇ ਸਰਕਾਰ ਨੇ ਭਾਰਤ ਦੀਆਂ ਧੀਆਂ ਨੂੰ ਫ਼ਾਈਟਰ ਪਾਇਲਟ ਬਣਾਇਆ। ਅੱਜ ਉਹ ਚੰਦਰਯਾਨ ਮਿਸ਼ਨ ਨੂੰ ਲੀਡ ਕਰ ਰਹੀਆਂ ਹਨ। ਅੱਜ ਸਦਨ 'ਚ 78 ਔਰਤਾਂ ਚੁਣ ਕੇ ਆਈਆਂ ਹਨ। ਇਸ ਵਾਰ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਵੀ ਪਹਿਲੀ ਵਾਰ ਪਟਨਾ ਤੋਂ ਲੋਕ ਸਭਾ ਦਾ ਮੈਂਬਰ ਬਣਿਆ ਹਾਂ। ਇਸ ਵਾਰ ਸਦਨ ਦੀ ਆਵਾਜ਼ ਖ਼ਾਮੋਸ਼ ਨਹੀਂ ਰਹੇਗੀ। ਤਿੰਨ ਤਲਾਕ ਨੂੰ ਸਿਆਸੀ ਚਸ਼ਮੇ ਨਾਲ ਨਾ ਵੇਖਿਆ ਜਾਵੇ। ਇਥੇ ਔਰਤ ਦੀ ਆਜ਼ਾਦੀ ਅਤੇ ਮਾਨ-ਸਨਮਾਨ ਦਾ ਮਾਮਲਾ ਹੈ। ਦੁਨੀਆਂ ਦੇ 20 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਬਦਲਿਆ ਹੈ।"

ਇਹ ਕਾਨੂੰਨ ਔਰਤਾਂ 'ਤੇ ਜੁਲਮ ਵਰਗਾ : ਓਵੈਸੀ
ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਅਕਬਰੂਦੀਨ ਓਵੈਸੀ ਨੇ ਇਸ ਬਿਲ ਦਾ ਵਿਰੋਧ ਕੀਤਾ। ਓਵੈਸੀ ਨੇ ਕਿਹਾ ਕਿ ਇਸਲਾਮ 'ਚ ਵਿਆਹ ਇਕ ਕੰਟ੍ਰੈਕਟ ਵਾਂਗ ਹੈ। ਇਸ ਨੂੰ ਤੁਸੀਂ ਜਨਮ-ਜਨਮ ਦੇ ਬੰਧਨਾਂ 'ਚ ਨਹੀਂ ਬੰਨ੍ਹ ਸਕਦੇ। ਉਨ੍ਹਾਂ ਕਿਹਾ ਕਿ ਤੀਜੀ ਵਾਰ ਮੈਂ ਇਸ ਬਿਲ ਵਿਰੁਧ ਖੜਾ ਹੋਇਆ ਹਾਂ ਅਤੇ ਜਦੋਂ ਤਕ ਜ਼ਿੰਦਗੀ ਰਹੇਗੀ ਉਦੋਂ ਤਕ ਇਸ ਬਿਲ ਦਾ ਵਿਰੋਧ ਕਰਦਾ ਰਹਾਂਗਾ। ਓਵੈਸੀ ਨੇ ਇਹ ਵੀ ਕਿਹਾ ਕਿ ਤਿੰਨ ਤਲਾਕ ਨੂੰ ਇਸ ਸਰਕਾਰ ਨੇ ਅਪਰਾਧ 'ਚ ਪਾ ਦਿੱਤਾ। ਇਹ ਬਿਲ ਔਰਤਾਂ ਦੇ ਵਿਰੁਧ ਹੈ।

ਉਨ੍ਹਾਂ ਨੇ ਸਰਕਾਰ 'ਤੇ ਵਿਆਹ ਨੂੰ ਖਤਮ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸਰਕਾਰ ਬਿਲ ਜ਼ਰੀਏ ਵਿਆਹ ਨੂੰ ਖਤਮ ਕਰ ਰਹੀ ਹੈ। ਇਸ ਬਿਲ ਦੀ ਵਜ੍ਹਾ ਕਰ ਕੇ ਔਰਤ ਸੜਕ 'ਤੇ ਆ ਜਾਵੇਗੀ। ਇਸ ਬਿਲ ਨਾਲ ਔਰਤ 'ਤੇ ਬੋਝ ਵਧੇਗਾ, ਕਿਉਂਕਿ ਸ਼ੌਹਰ ਜੇਲ ਚਲਾ ਜਾਵੇਗਾ ਤਾਂ ਫਿਰ ਔਰਤ ਦਾ ਪਾਲਨ-ਪੋਸ਼ਣ ਕੌਣ ਕਰੇਗਾ।  ਜੇ ਕੋਈ ਮੁਸਲਮਾਨ ਆਦਮੀ ਗਲਤੀ ਨਾਲ ਤਿੰਨ ਵਾਰ ਤਲਾਕ ਬੋਲ ਦਿੰਦਾ ਹੈ ਤਾਂ ਵਿਆਹ ਨਹੀਂ ਟੁੱਟਦਾ ਹੈ। ਸਰਕਾਰ ਇਸ ਬਿਲ ਦੇ ਜ਼ਰੀਏ ਔਰਤਾਂ 'ਤੇ ਜ਼ੁਰਮ ਕਰਨਾ ਚਾਹੁੰਦੀ ਹੈ।