ਤੁਰਕੀ ਨੂੰ ਮਿਲਿਆ ਵੱਡਾ ਕੁਦਰਤੀ ਖ਼ਜ਼ਾਨਾ! ਵਿਸ਼ਵ ਭਰ 'ਚੋਂ ਮਿਲ ਰਹੀਆਂ ਮੁਬਾਰਕਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਤੁਰਕੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਖੋਜ!

The greatest discovery in the history of Turkey

ਤੁਰਕੀ: ਤੁਰਕੀ ਨੂੰ ਇਸ ਸਮੇਂ ਵਿਸ਼ਵ ਭਰ ਵਿਚੋਂ ਮੁਬਾਰਕਾਂ ਮਿਲ ਰਹੀਆਂ ਨੇ, ਮਿਲਣ ਵੀ ਕਿਉਂ ਨਾ? ਆਖ਼ਰਕਾਰ ਤੁਰਕੀ ਦੇ ਹੱਥ ਇੰਨਾ ਵੱਡਾ ਕੁਦਰਤੀ ਖ਼ਜ਼ਾਨਾ ਜੋ ਲੱਗ ਗਿਆ ਹੈ। ਜੀ ਹਾਂ, ਤੁਰਕੀ ਨੂੰ ਕਾਲੇ ਸਾਗਰ ਵਿਚੋਂ ਹੁਣ ਤਕ ਦਾ ਸਭ ਤੋਂ ਕੁਦਰਤੀ ਗੈਸ ਭੰਡਾਰ ਮਿਲਿਆ ਹੈ, ਜਿਸ ਦਾ ਐਲਾਨ ਤੁਰਕੀ ਦੇ ਰਾਸ਼ਟਰਪਤੀ ਰੇਚੈਪ ਤੈਅੱਪ ਆਰਦੋਆਨ ਵੱਲੋਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ 2023 ਤਕ ਗੈਸ ਦੇ ਇਸ ਭੰਡਾਰ ਦੀ ਵਰਤੋਂ ਕਰਨੀ ਸ਼ੁਰੂ ਕਰਾਂਗੇ।

ਕਾਲੇ ਸਾਗਰ ਵਿਚ ਮਿਲਿਆ 320 ਅਰਬ ਕਿਊਬਕ ਮੀਟਰ ਕੁਦਰਤੀ ਗੈਸ ਦਾ ਇਹ ਵਿਸ਼ਾਲ ਭੰਡਾਰ ਤੁਰਕੀ ਦੇ ਫਤਿਹ ਨਾਮਕ ਡ੍ਰਿਲਿੰਗ ਜਹਾਜ਼ ਰਾਹੀਂ ਟੂਨਾ-ਵੰਨ ਖੂਹ ਵਿਚੋਂ ਖੋਜਿਆ ਗਿਆ ਹੈ। ਇਹ ਗੈਸ ਭੰਡਾਰ ਤੁਰਕੀ ਦੇ ਇਤਿਹਾਸ ਵਿਚ ਕੁਦਰਤੀ ਗੈਸ ਦੀ ਸਭ ਤੋਂ ਵੱਡੀ ਖੋਜ ਦੱਸੀ ਜਾ ਰਹੀ ਹੈ। ਰਾਸ਼ਟਰਪਤੀ ਦਾ ਕਹਿਣੈ ਕਿ ਮਿਲ ਰਹੇ ਸੰਕੇਤਾਂ ਮੁਤਾਬਕ ਉਨ੍ਹਾਂ ਨੂੰ ਇਸੇ ਥਾਂ ਤੋਂ ਹੋਰ ਕੁਦਰਤੀ ਗੈਸ ਭੰਡਾਰ ਵੀ ਮਿਲਣ ਦੀ ਉਮੀਦ ਹੈ।

ਤੁਰਕੀ ਨੇ ਭੂਮੱਧ ਸਾਗਰ ਅਤੇ ਕਾਲੇ ਸਾਗਰ ਵਿਚ ਫਤਿਹ ਅਤੇ ਯਾਵੁਜ ਨਾਮੀ ਜਹਾਜ਼ ਜ਼ਰੀਏ 9 ਵਾਰ ਡੂੰਘੀ ਖੁਦਾਈ ਕੀਤੀ ਤਾਂ ਜਾ ਕੇ ਇਹ ਗੈਸ ਦਾ ਵਿਸ਼ਾਲ ਭੰਡਾਰ ਹਾਸਲ ਹੋ ਸਕਿਆ। ਤੁਰਕੀ ਦੇ ਵਿੱਤ ਮੰਤਰੀ ਬੇਰਾਤ ਅਲਬੈਰਾਕ ਨੇ ਇਸ ਖੋਜ ਨੂੰ ਤੁਰਕੀ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ ਕਿਉਂਕਿ ਇਸ ਨਾਲ ਹੁਣ ਤੁਰਕੀ ਨੂੰ ਕੁਦਰਤੀ ਗੈਸ ਦੇ ਲਈ ਰੂਸ, ਇਰਾਨ ਅਤੇ ਅਜ਼ਰਬਈਜਾਨ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ।

ਤੁਰਕੀ ਦੇ ਊਰਜਾ ਮੰਤਰੀ ਫਤਿਹ ਦੋਨਮੇਜ਼ ਮੁਤਾਬਕ ਗੈਸ ਦਾ ਇਹ ਭੰਡਾਰ ਉਨ੍ਹਾਂ ਨੂੰ ਸਮੁੰਦਰ ਦੇ ਅੰਦਰ 2100 ਮੀਟਰ ਹੇਠਾਂ ਮਿਲਿਐ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦਾ ਇਹ ਮਿਸ਼ਨ ਅਜੇ ਖ਼ਤਮ ਨਹੀਂ ਹੋਵੇਗਾ ਬਲਕਿ ਹੋਰਨਾਂ ਥਾਵਾਂ 'ਤੇ 1400 ਮੀਟਰ ਡੂੰਘੀ ਖੁਦਾਈ ਕੀਤੀ ਜਾਵੇਗੀ ਕਿਉਂਕਿ ਮਿਲ ਰਹੇ ਡਾਟਾ ਮੁਤਾਬਕ ਉਥੇ ਗੈਸ ਦੇ ਹੋਰ ਭੰਡਾਰ ਹੋ ਸਕਦੇ ਨੇ। ਅਮਰੀਕੀ ਭੂ-ਗਰਭੀ ਸਰਵੇ ਅਨੁਸਾਰ ਇਸ ਖੇਤਰ ਦੇ ਲੇਵੰਤ ਬੇਸਿਨ ਵਿਚ 350 ਅਰਬ ਕਿਊਬਟ ਮੀਟਰ ਕੁਦਰਤੀ ਗੈਸ ਅਤੇ 1.7 ਅਰਬ ਬੈਰਲ ਤੇਲ ਦਾ ਭੰਡਾਰ ਮੌਜੂਦ ਹੈ।

ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕੀ ਹੈ ਫਤਿਹ ਜਹਾਜ਼, ਜਿਸ ਰਾਹੀਂ ਮਿਲਿਆ ਏ ਇਹ ਗੈਸ ਦਾ ਭੰਡਾਰ। ਜਾਣਕਾਰੀ ਮੁਤਾਬਕ ਸਮੁੰਦਰ ਵਿਚ ਡੂੰਘੀ ਖ਼ੁਦਾਈ ਕਰਨ ਵਾਲੇ ਤੁਰਕੀ ਦੇ ਫ਼ਤਿਹ ਜਹਾਜ਼ ਦਾ ਨਾਮ ਉਸਮਾਨੀਆ ਸਲਤਨਤ ਦੇ ਸੁਲਤਾਨ ਰਹੇ ਫਤਿਹ ਸੁਲਤਾਨ ਮਹਿਮਤ ਦੇ ਨਾਮ 'ਤੇ ਰੱਖਿਆ ਗਿਐ, ਜਿਨ੍ਹਾਂ ਨੇ 1453 ਵਿਚ ਕਸਤੁੰਤੁਨੀਆ 'ਤੇ ਕਬਜ਼ਾ ਕੀਤਾ ਸੀ।

ਇਸ ਜਹਾਜ਼ ਰਾਹੀਂ ਇਸੇ ਸਾਲ 20 ਜੁਲਾਈ ਨੂੰ ਅੱਗੇ ਦੀ ਖੋਜ ਸ਼ੁਰੂ ਹੋਈ ਸੀ ਅਤੇ ਰਾਸ਼ਟਰਪਤੀ ਅਰਦੋਆਨ ਨੇ ਪੂਰਬੀ ਭੂ-ਮੱਧਸਾਗਰ ਵਿਚ ਗ੍ਰੀਸ ਦੇ ਦੀਪ ਨੇੜੇ ਗੈਸ ਲੱਭਣ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਗ੍ਰੀਸ, ਸਾਈਪ੍ਰਸ ਅਤੇ ਯੂਰਪੀ ਸੰਘ ਤੁਰਕੀ ਦੇ ਸਾਹਮਣੇ ਆ ਗਏ ਸਨ।

ਫਰਾਂਸ ਨਾਲ ਵੀ ਤਣਾਅ ਵਧਣ ਕਾਰਨ ਖੇਤਰ ਵਿਚ ਫ਼ੌਜੀ ਮੌਜੂਦਗੀ ਨੂੰ ਵਧਾ ਦਿੱਤਾ ਗਿਆ ਸੀ। ਇਹੀ ਨਹੀਂ, ਯੂਰਪੀ ਸੰਘ ਨੇ ਤੁਰਕੀ ਨੂੰ ਖੋਜ ਰੋਕਣ ਲਈ ਵੀ ਆਖ ਦਿੱਤਾ ਸੀ ਪਰ ਤੁਰਕੀ ਦੇ ਰਾਸ਼ਟਰਪਤੀ ਨੇ ਕਿਸੇ ਅੱਗੇ ਨਾ ਝੁਕਦਿਆਂ ਇਸ ਖੋਜ ਨੂੰ ਜਾਰੀ ਰੱਖਿਆ ਅਤੇ ਕਾਮਯਾਬੀ ਹਾਸਲ ਕੀਤੀ। ਹੁਣ ਵਿਸ਼ਵ ਭਰ ਦੇ ਕਈ ਵੱਡੇ ਦੇਸ਼ਾਂ ਵੱਲੋਂ ਤੁਰਕੀ ਨੂੰ ਇਸ ਖੋਜ ਲਈ ਮੁਬਾਰਕਾਂ ਮਿਲ ਰਹੀਆਂ ਹਨ।