ਚੰਗਾ ਹੋਵੇਗਾ ਜੇ ਪੀਐਮ ਮੋਦੀ ਤੇ ਇਮਰਾਨ ਖ਼ਾਨ ਕਸ਼ਮੀਰ ਮੁੱਦੇ 'ਤੇ ਕੋਈ ਹੱਲ ਲੱਭ ਲੈਣ- ਡੋਨਾਲਡ ਟਰੰਪ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵਾਲਾਂ ਦੇ ਜਵਾਬ ਵਿਚ ਟਰੰਪ ਨੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਦੋਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ...

Donald Tump

ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਫਰਕ ਕਰਦਿਆਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਕਸ਼ਮੀਰ ਬਾਰੇ “ਕੋਈ ਹੱਲ ਲੱਭ ਸਕਦੇ ਹਨ ਤਾਂ ਇਹ ਚੰਗਾ ਹੋਵੇਗਾ”। ਟਰੰਪ ਨੇ ਇਹ ਟਿੱਪਣੀ ਇਥੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੇ ਦੌਰਾਨ ਮੋਦੀ ਨਾਲ ਮੁਲਾਕਾਤ ਦੌਰਾਨ ਕੀਤੀ। ਇਸ ਸਾਲ ਮਈ ਵਿਚ ਮੋਦੀ ਦੀ ਦੂਜੀ ਵਾਰ ਕਾਰਜਕਾਲ ਲਈ ਸੱਤਾ ਵਿਚ ਆਉਣ ਤੋਂ ਬਾਅਦ ਟਰੰਪ ਨਾਲ ਇਹ ਚੌਥੀ ਮੁਲਾਕਾਤ ਹੈ।

ਸਵਾਲਾਂ ਦੇ ਜਵਾਬ ਵਿਚ ਟਰੰਪ ਨੇ ਕਿਹਾ, "ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਦੋਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲੈਣਗੇ ਤਾਂ ਮੁਲਾਕਾਤ ਜਰੂਰ ਕਰਨਗੇ।" ਮੈਨੂੰ ਲਗਦਾ ਹੈ ਕਿ ਮੀਟਿੰਗ ਤੋਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਾਹਮਣੇ ਆਉਣਗੀਆਂ। ਉਹਨਾਂ ਕਿਹਾ ਕਿ ਇਹ ਬਹੁਤ ਵਧੀਆ ਹੋਵੇਗਾ ਜੇਕਰ ਉਹ ਕਸ਼ਮੀਰ 'ਤੇ ਕੋਈ ਹੱਲ ਕੱਢ ਲੈਂਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਟਰੰਪ ਇਮਰਾਨ ਖ਼ਾਨ ਨੂੰ ਮਿਲੇ ਸਨ ਅਤੇ ਕਿਹਾ ਸੀ ਕਿ ਜੇ ਭਾਰਤ ਅਤੇ ਪਾਕਿਸਤਾਨ ਸਹਿਮਤ ਹੋ ਜਾਂਦੇ ਹਨ ਤਾਂ ਉਹ ਕਸ਼ਮੀਰ ਮੁੱਦੇ 'ਤੇ ਦੋਵਾਂ ਦੇਸ਼ਾਂ ਵਿਚ ਵਿਚੋਲਗੀ ਕਰ ਸਕਦੇ ਹਨ।

ਭਾਰਤ ਦੀ ਸਥਿਤੀ ਇਹ ਰਹੀ ਹੈ ਕਿ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ ਅਤੇ ਇਸ ਵਿਚ ਕਿਸੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਜਦੋਂ ਪਾਕਿਸਤਾਨੀ ਧਰਤੀ ਤੋਂ ਪੈਦਾ ਹੋਏ ਅਤਿਵਾਦ ਅਤੇ ਅਤਿਵਾਦੀ ਸਮੂਹਾਂ ਨਾਲ ਪਾਕਿਸਤਾਨੀ ਸੈਨਾ ਦੇ ਸੰਬੰਧਾਂ ਬਾਰੇ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਸੰਭਾਲ ਲੈਣਗੇ। ਇਕ ਭਾਰਤੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਤੁਹਾਡੇ ਕੋਲ ਬਹੁਤ ਚੰਗੇ ਪ੍ਰਧਾਨ ਮੰਤਰੀ ਹਨ।

ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ। ਇਸ ਵਿਚਕਾਰ ਟਰੰਪ ਨੇ ਕਿਹਾ ਕਿ ਜਲਦ ਹੀ ਉਹਨਾਂ ਦਾ ਦੇਸ਼ ਭਾਰਤ ਨਾਲ ਇਕ ਵਪਾਰ ਸਮਝੌਤੇ 'ਤੇ ਪਹੁੰਚ ਜਾਵੇਗਾ। ਇਸ ਨਾਲ ਦੋਨਾਂ ਦੇਸ਼ਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਦੋਨੇਂ ਦੇਸ਼ ਵਪਾਰ ਸਮਝੌਤੇ ਤੇ ਗੱਲਬਾਤ ਕਰ ਰਹੇ ਹਨ ਅਤੇ ਕਈ ਉਲਝੇ ਹੋਏ ਮੁੱਦਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।