ਰਾਸ਼ਟਰਪਤੀ ਟਰੰਪ ਅਤਿਵਾਦ ਖ਼ਿਲਾਫ਼ ਪੂਰੀ ਮਜਬੂਤੀ ਨਾਲ ਖੜ੍ਹੇ ਹਨ: ਪੀਐਮ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫੇਰ ਪਾਕਿਸਤਾਨ ‘ਤੇ ਖੂਬ ਭੜਾਸ ਕੱਢੀ...

Pm Modi with Trump

ਹਿਊਸਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫੇਰ ਪਾਕਿਸਤਾਨ ‘ਤੇ ਖੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ 9/11 ਤੇ 26/11 ਅੱਤਵਾਦੀ ਹਮਲੇ ਦੇ ਸਾਜ਼ਿਸ਼ਕਰਤਾ ਕਿੱਥੇ ਪਾਏ ਜਾਂਦੇ ਹਨ? ਪੀਐਮ ਮੋਦੀ ਨੇ ਹਿਊਸਟਨ ‘ਚ ‘ਹਾਓਡੀ ਮੋਦੀ’ ਸਮਾਗਮ ‘ਚ ਭਾਰਤੀ ਮੂਲ ਦੇ ਲੋਕਾਂ ਨਾਲ ਭਰੇ ਐਨਆਰਜੀ ਸਟੇਡੀਅਮ ‘ਚ ਕਿਹਾ ਕਿ ‘ਜਿਨ੍ਹਾਂ ਤੋਂ ਖੁਦ ਆਪਣਾ ਦੇਸ਼ ਨਹੀਂ ਸੰਭਲਦਾ, ਇਨ੍ਹਾਂ ਲੋਕਾਂ ਨੇ ਭਾਰਤ ਪ੍ਰਤੀ ਆਪਣੀ ਨਫਰਤ ਨੂੰ ਰਾਜਨੀਤੀ ਦਾ ਕੇਂਦਰ ਬਣਾ ਦਿੱਤਾ ਹੈ।

ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਕਿਹਾ, ਇਹ ਉਹ ਲੋਕ ਹਨ ਜੋ ਅਸ਼ਾਂਤੀ ਚਾਹੁੰਦੇ ਹਨ, ਅੱਤਵਾਦ ਦਾ ਸਮਰਥਨ ਕਰਦੇ ਹਨ, ਅੱਤਵਾਦ ਨੂੰ ਪਾਲਦੇ ਹਨ। ਉਨ੍ਹਾਂ ਕਿਹਾ, ਉਨ੍ਹਾਂ ਦੀ ਪਛਾਣ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ। ਅਮਰੀਕਾ ‘ਚ 9/11 ਤੇ ਮੁੰਬਈ ‘ਚ 26/11 ਉਸ ਦੇ ਸਾਜ਼ਿਸ਼ਕਰਤਾ ਕਿੱਥੇ ਪਾਏ ਜਾਂਦੇ ਹਨ? ਪੀਐਮ ਮੋਦੀ ਨੇ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਅੱਤਵਾਦ ਖਿਲਾਫ ਤੇ ਅੱਤਵਾਦ ਨੂੰ ਵਧਣ ਦੇਣ ਵਾਲਿਆਂ ਖਿਲਾਫ ਨਿਰਣਾਇਕ ਜੰਗ ਲੜੀ ਜਾਵੇ। ਮੈਂ ਇੱਥੇ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਇਸ ਲੜਾਈ ‘ਚ ਰਾਸ਼ਟਰਪਤੀ ਟਰੰਪ ਪੂਰੀ ਮਜ਼ਬੂਤੀ ਨਾਲ ਅੱਤਵਾਦ ਖਿਲਾਫ ਖੜ੍ਹੇ ਹੋਏ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ‘ਚ ਇਹ ਗੱਲ ਅਜਿਹੇ ਸਮੇਂ ਕੀਤੀ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸੰਯੁਕਤ ਰਾਸ਼ਟਰ ਮਹਾਂਸਭਾ ਸੰਮੇਲਨ ‘ਚ ਹਿੱਸਾ ਲੈਣ ਲਈ ਅਮਰੀਕਾ ਪਹੁੰਚੇ ਹਨ। ਇਮਰਾਨ ਦੀ ਵੀ ਟਰੰਪ ਨਾਲ ਮੁਲਾਕਾਤ ਹੋਣ ਵਾਲੀ ਹੈ। ਮੋਦੀ ਨੇ ਇੱਥੇ ਕਸ਼ਮੀਰ ਮੁੱਦੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਧਾਰਾ 370 ਦਾ ਫਾਇਦਾ ਵੱਖਵਾਦੀ ਤਾਕਤਾਂ ਚੁੱਕ ਰਹੀਆਂ ਸੀ। ਹੁਣ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਭਾਰਤ ਦੇ ਹੋਰਨਾਂ ਖੇਤਰਾਂ ਦੇ ਲੋਕਾਂ ਦੀ ਤਰ੍ਹਾਂ ਬਰਾਬਰ ਅਧਿਕਾਰ ਦਿੱਤੇ ਗਏ ਹਨ।

ਉਨ੍ਹਾਂ ਕਿਹਾ, ਅਸੀਂ ਕਿਸੇ ਦੂਜੇ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਮੁਕਾਬਲਾ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਬਦਲ ਰਹੇ ਹਾਂ ਕਿਉਂਕਿ ਭਾਰਤ ‘ਚ ਵਿਕਾਸ ਅੱਜ ਸਭ ਤੋਂ ਜ਼ਿਆਦਾ ਪ੍ਰਸਿੱਧ ਸ਼ਬਦ ਬਣ ਗਿਆ ਹੈ।