ਅਕਾਲੀ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਨੇ ਵੀ ਅਹੁਦਾ ਛਡਿਆ- ਪਰ ਪ੍ਰਧਾਨ ਬਣਨਾ ਚਾਹੁੰਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਚ ਕਮੇਟੀ ਦੇ ਚੋਣਵੇਂ ਮੈਂਬਰਾਂ ਦੀ ਲਈ ਰਾਏ.........

Manjinder Singh Sirsa

ਨਵੀਂ ਦਿੱਲੀ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਮਚੇ ਹੋਏ ਘਮਸਾਨ ਪਿਛੋਂ ਸਾਰਿਆਂ ਦੀਆਂ ਨਜ਼ਰਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਵਿਚਕਾਰ ਚਲ ਰਹੀ ਠੰਢੀ ਜੰਗ 'ਤੇ ਟਿਕ ਗਈਆਂ ਹਨ।  ਸੌਦਾ ਸਾਧ ਦੀ ਮਾਫ਼ੀ ਦੇ ਖੇਡ ਵਿਚ ਫਸੇ ਅਕਾਲੀ ਦਲ ਨੇ ਚਾਹੇ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਮਨਜੀਤ ਸਿੰਘ ਜੀ ਕੇ ਦੇ ਸਿਰ 'ਤੇ ਹੀ ਲੜੀਆਂ ਤੇ ਜਿੱਤੀਆਂ ਸਨ, ਪਰ ਹੁਣ ਮਾਹੌਲ ਬਦਲਿਆ ਜਾਪ ਰਿਹਾ ਹੈ।  ਭਾਵੇਂ ਉਪਰੀ ਤੌਰ 'ਤੇ ਸ.ਮਨਜੀਤ ਸਿੰਘ ਜੀ.ਕੇ. ਨੂੰ ਕਮੇਟੀ ਦੇ ਅਖੌਤੀ ਭ੍ਰਿਸ਼ਟਾਚਾਰ ਕਰ ਕੇ, ਘੇਰਿਆ ਜਾ ਰਿਹਾ ਹੈ,

ਪਰ ਅਸਲ ਵਿਚ ਸਿਰਸਾ ਦਿੱਲੀ ਗੁਰਦਵਾਰਾ ਕਮੇਟੀ ਸਣੇ ਦਿੱਲੀ ਦੀ ਸਿੱਖ ਸਿਆਸਤ ਵਿਚ ਸ.ਜੀ.ਕੇ. ਦਾ ਕੱਦ ਬੌਣਾ ਕਰ ਦੇਣਾ ਚਾਹੁੰਦੇ ਹਨ ਜਿਸ ਨਾਲ ਆਉਣ ਵਾਲੀ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੀ ਕਾਰਜਕਾਰੀ ਦੀ ਚੋਣ ਵਿਚ ਸਿਰਸਾ ਦਿੱਲੀ ਕਮੇਟੀ ਦੇ ਪ੍ਰਧਾਨ ਬਣ ਸਕਣ, ਜੋ ਕਿ ਉਨ੍ਹਾਂ ਦੀ ਪੁਰਾਣੀ ਖ਼ਾਹਿਸ਼ ਹੈ। ਇਹ ਇਸ ਲਈ ਵੀ ਕਿ ਹੁਣ ਸਿਰਸਾ ਦੇ ਮੁਕਾਬਲੇ ਭਾਜਪਾ ਦੀ ਪਸੰਦ ਮਨਜੀਤ ਸਿੰਘ ਜੀ ਕੇ ਬਣਦੇ ਜਾ ਰਹੇ ਹਨ। ਸ.ਜੀ ਕੇ ਦੇ ਕੈਨੇਡਾ ਦੌਰੇ ਪਿਛੋਂ ਜਿਸ ਤਰ੍ਹਾਂ ਜੀ ਕੇ ਨੇ ਰੈਫ਼ਰੈਂਡਰਮ 2020 ਦੀ ਅਖੌਤੀ ਤੌਰ 'ਤੇ ਵਿਰੋਧਤਾ ਕੀਤੀ ਤੇ ਜਿਸ ਤਰ੍ਹਾਂ ਜੀ ਕੇ ਨੂੰ ਭਾਜਪਾ ਦੀ ਵੀ ਖੁਲ੍ਹੀ ਤੇ ਛੁਪੀ ਹਮਾਇਤ ਪ੍ਰਾਪਤ ਹੋਈ

ਉਸ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਜੀ ਕੇ ਨੂੰ ਅਪਣਾ ਉਮੀਦਵਾਰ ਵੀ ਬਣਾ ਸਕਦੀ ਹੈ, ਪਰ ਸਾਰਿਆਂ ਦੇ ਪੱਤੇ ਅਜੇ ਗੁਪਤ ਹੀ ਹਨ ਕਿਉਂਕਿ ਜੀ ਕੇ ਪਿਛਲੀਆਂ ਲੋਕ ਸਭਾ ਚੋਣਾਂ ਲੜਨ ਦੇ ਇੱਛੁਕ ਸਨ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਸਾਹਮਣੇ ਸਿਰਸਾ ਤੇ ਜੀ ਕੇ ਦੋਹਾਂ ਵਿਚ ਐਨੀ ਤਾਕਤ ਨਹੀਂ ਕਿ ਉਹ ਹਾਈਕਮਾਨ ਨੂੰ 'ਅੱਖਾਂ' ਵਿਖਾ ਸਕਣ ਜਾਂ ਅਪਣੇ ਪੱਧਰ 'ਤੇ ਕਿਸੇ ਪਾਰਟੀ ਵਿਰੋਧੀ ਕਾਰਵਾਈ ਨੂੰ ਨੇਪਰੇ ਚਾੜ੍ਹ ਸਕਣ ਨਾ ਹੀ ਦੋਵੇਂ ਅਹਿਮ ਅਹੁਦਿਆਂ ਨੂੰ ਤਿਆਗ ਸਕਦੇ ਹਨ।

ਇਸੇ ਅਮਲ ਦੇ ਚਲਦਿਆਂ ਸਿਰਸਾ ਨੇ 22 ਅਕਤੂਬਰ ਨੂੰ ਅਪਣੀਆਂ ਅਖੌਤੀ ਤਾਕਤਾਂ ਕਮੇਟੀ ਦੇ ਜੁਆਇੰਟ ਸਕੱਤਰ ਸ.ਅਮਰਜੀਤ ਸਿੰਘ ਪੱਪੂ ਨੂੰ ਅਖੌਤੀ ਤੌਰ 'ਤੇ ਤਬਦੀਲ ਕਰ ਦਿਤੀਆਂ ਹਨ। ਪੱਪੂ ਨੂੰ ਤਾਕਤਾਂ ਤਬਦੀਲ ਕਰਨ ਦੇ ਦਫ਼ਤਰੀ ਹੁਕਮ, ਦੀ ਜੋ ਅੰਗ੍ਰੇਜ਼ੀ ਚਿੱਠੀ,  ਨੰਬਰ 13945/2-6, ਸਿਰਸਾ ਖ਼ੇਮੇ ਵਲੋਂ 'ਸਪੋਕਸਮੈਨ' ਨੂੰ ਹਾਸਲ ਹੋਈ ਹੈ, ਉਸ 'ਤੇ ਤਾਕਤਾਂ ਦੇਣ ਦੀ ਗੱਲ ਸਪਸ਼ਟ ਨਹੀਂ ਹੈ ਤੇ ਸਿਰਫ਼ ਗੋਲ ਮੋਲ ਸ਼ਬਦਾਵਲੀ ਵਿਚ ਸਿਰਸਾ ਦੇ ਦਸਤਖ਼ਤਾਂ ਹੇਠ ਲਿਖਿਆ ਹੈ, ਜੁਆਇੰਟ ਸਕੱਤਰ ਸ.ਅਮਰਜੀਤ ਸਿੰਘ ਫ਼ਤਿਹ ਨਗਰ ਨੂੰ ਕਮੇਟੀ ਦੇ ਸੁਚਾਰੂ ਪ੍ਰਬੰਧ ਵਾਸਤੇ ਅਗਲੇ ਹੁਕਮਾਂ ਤਕ ਡਾਕ ਦੇ ਦਸਤਖ਼ਤ ਕਰਨ ਵਾਸਤੇ ਅਧਿਕਾਰਤ ਕੀਤਾ ਜਾਂਦਾ ਹੈ।

ਦਿਲਚਸਪ ਗੱਲ ਇਹ ਵੀ ਹੈ ਕਿ ਇਸੇ ਚਿੱਠੀ ਦੇ ਆਧਾਰ 'ਤੇ ਮੀਡੀਆ ਦੇ ਇਕ ਹਿੱਸੇ ਨੇ ਸ.ਸਿਰਸਾ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਉਛਾਲ ਦਿਤੀ। ਜਦਕਿ 'ਅੱਜ ਸ਼ਾਮ ਨੂੰ ਜਦੋਂ 'ਸਪੋਕਸਮੈਨ' ਵਲੋਂ ਸ.ਮਨਜਿੰਦਰ ਸਿੰਘ ਸਿਰਸਾ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ, ਪੁਛਿਆ ਗਿਆ ਕਿ ਤੁਹਾਡੇ ਜਨਰਲ ਸਕੱਤਰ ਦੇ ਅਹੁਦੇ ਦੇ ਕੀ ਹਾਲਾਤ ਹਨ, ਤਾਂ ਸ. ਸਿਰਸਾ ਨੇ ਸਪਸ਼ਟ ਕਰਦਿਆਂ ਕਿਹਾ,“ਮੈਂ ਜਨਰਲ ਸਕੱਤਰੀ ਤੋਂ ਅਸਤੀਫ਼ਾ ਨਹੀਂ ਦਿਤਾ, ਅਪਣੇ ਰੁਝੇਵਿਆਂ (ਵਿਧਾਇਕੀ ਦੇ) ਕਾਰਨ ਚਾਰਜ ਸ.ਅਮਰਜੀਤ ਸਿੰਘ ਪੱਪੂ ਨੂੰ ਸੌਂਪਿਆ ਹੈ।''

ਇਹ ਵੀ ਖ਼ਾਸ ਹੈ ਕਿ ਅਮਰਜੀਤ ਸਿੰਘ ਪੱਪੂ ਸ.ਜੀ ਕੇ ਦੇ ਪੁਰਾਣੇ ਵਫ਼ਾਦਾਰ ਹਨ ਤੇ ਜੀ ਕੇ ਦੀ ਪੁਰਾਣੀ ਪਾਰਟੀ ਵੇਲੇ, ਜਦੋਂ ਬਾਦਲ ਦਲ ਨਾਲ ਜੀ ਕੇ ਦਾ ਰਲੇਵਾਂ ਨਹੀਂ ਸੀ ਹੋਇਆ, ਉਦੋਂ ਦੇ ਜੀ ਕੇ ਸਾਥੀ ਹਨ। ਸ.ਮਨਜੀਤ ਸਿੰਘ ਜੀ ਕੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁਕਿਆ। ਯਾਦ ਰਹੇ ਕਿ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਦਿੱਲੀ ਕਮੇਟੀ ਵਲੋਂ ਸ.ਮਨਜੀਤ ਸਿੰਘ ਜੀ ਕੇ ਦੇ ਅਸਤੀਫ਼ਾ ਦੇਣ ਦੀ ਗੱਲ ਕੁੱਝ ਪੱਤਰਕਾਰਾਂ ਵਿਚ ਅਖੌਤੀ ਤੌਰ 'ਤੇ ਪਲਾਂਟ ਕਰਵਾ ਦਿਤੀ ਗਈ, ਪਰ ਦੋ ਦਿਨ ਪਹਿਲਾਂ ਸ.ਜੀ ਕੇ. ਨੇ ਮੁੜ ਅਪਣਾ ਅਹੁਦਾ ਸੰਭਾਲ ਲਿਆ।

ਹਾਲ ਦੀ ਘੜੀ ਭਾਵੇਂ ਦਿੱਲੀ ਕਮੇਟੀ ਦੇ ਕੁੱਝ ਪ੍ਰਭਾਵਸ਼ਾਲੀ ਬੰਦਿਆਂ ਵਲੋਂ ਅਪਣੀ ਸਹੂਲਤ ਲਈ ਅਖੌਤੀ ਤੌਰ 'ਤੇ ਮੀਡੀਆ ਵਿਚ ਵੱਖ-ਵੱਖ ਤਰ੍ਹਾਂ ਦੀਆਂ ਖ਼ਬਰਾਂ ਪਲਾਂਟ ਕਰਵਾਈਆਂ ਜਾ ਰਹੀਆਂ ਹਨ, ਪਰ ਅਸਲ ਵਿਚ 'ਅੰਦਰਲੀ ਤੇ ਭੇਤ ਵਾਲੀ ਗੱਲ' ਇਹੋ ਹੈ ਕਿ ਸਿਰਸਾ ਹਰ ਹਾਲ ਵਿਚ ਦਿੱਲੀ ਕਮੇਟੀ ਦੀ ਪ੍ਰਧਾਨਗੀ ਚਾਹੁੰਦੇ ਹਨ, ਤੇ ਇਹ ਤਦੋਂ ਹੀ ਹੋ ਸਕਦਾ ਹੈ ਜਦੋਂ ਮਨਜੀਤ ਸਿੰਘ ਜੀ ਕੇ ਨੂੰ ਵਿਰੋਧੀਆਂ ਵਲੋਂ ਰੱਜ ਕੇ, ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘੇਰਿਆ ਜਾਵੇ, ਉਹ ਵੀ  ਕਮੇਟੀ ਦੇ ਅੰਦਰੂਨੀ ਕਾਗ਼ਜ਼ਾਤਾਂ ਦੇ ਆਧਾਰ 'ਤੇ ਜੋ ਵਿਰੋਧੀ ਸੌਖਿਆਂ ਹੀ ਕਰ ਰਹੇ ਹਨ।

ਜਦੋਂ ਦਿੱਲੀ ਦੇ ਸਿੱਖਾਂ ਵਿਚ ਅਖੌਤੀ ਤੌਰ 'ਤੇ ਮਨਜੀਤ ਸਿੰਘ ਜੀ ਕੇ ਦੀ ਸਾਖ ਡਿੱਗਦੀ ਚਲੀ ਜਾਵੇਗੀ ਤੇ ਅਖੀਰ ਸ.ਸੁਖਬੀਰ ਸਿੰਘ ਬਾਦਲ ਨੂੰ ਜੀ ਕੇ ਤੋਂ ਤਾਕਤਵਰ ਬਦਲ ਸਿਰਸਾ ਬਾਰੇ ਸੋਚਣਾ ਹੀ ਪਵੇਗਾ। ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਦੋਹਾਂ ਵਿਚਕਾਰ ਕਲੇਸ਼ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨਗੀ ਨੂੰ ਲੈ ਕੇ ਦੋਹਾਂ ਵਿਚਕਾਰ ਮਾਰਚ 2017 ਵਿਚ ਤਕਰਾਰ ਹੋਇਆ ਸੀ, ਉਦੋਂ ਅਖੀਰ ਸੁਖਬੀਰ ਸਿੰਘ ਬਾਦਲ ਨੇ 29 ਮਾਰਚ 2017 ਦੇ ਨੇੜੇ ਦੋਹਾਂ ਦਾ ਝਗੜਾ ਨਬੇੜਿਆ ਸੀ। ਉਦੋਂ ਜੀ ਕੇ ਨੇ ਸਿੱਧੇ ਪ੍ਰਧਾਨਗੀ ਦੀ ਸਹੁੰ ਨਹੀਂ ਸੀ ਚੁਕੀ, ਬਲਕਿ ਕੁੱਝ ਦਿਨਾਂ ਬਾਅਦ ਪ੍ਰਧਾਨ ਬਣੇ ਸਨ।

ਸਿਰਸਾ ਤੇ ਜੀ ਕੇ ਵਿਚਕਾਰ ਛਿੜੀ ਜੰਗ ਬਾਰੇ ਸੁਖਬੀਰ ਬਾਦਲ ਨੇ ਮੈਂਬਰਾਂ ਨਾਲ ਕੀਤੀ ਮੁਲਾਕਾਤ

 ਦਿੱਲੀ ਕਮੇਟੀ ਵਿਚਕਾਰ ਦੋਵਾਂ ਅਹਿਮ ਅਹੁਦੇਦਾਰਾਂ ਵਿਚਕਾਰ ਚਲ ਰਹੀ ਠੰਢੀ ਜੰਗ ਨੂੰ ਲੈ ਕੇ, ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿਚ ਦਿੱਲੀ ਕਮੇਟੀ ਦੇ ਤਕਰੀਬਨ 13 ਮੈਂਬਰਾਂ ਨਾਲ ਇਕੱਲੇ ਤੌਰ 'ਤੇ ਗੱਲਬਾਤ ਕੀਤੀ ਤੇ ਅਖੌਤੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਵੀ ਰਾਏ ਲਈ। ਦਿੱਲੀ ਕਮੇਟੀ ਦੇ ਹੀ ਇਕ ਸੀਨੀਅਰ ਮੈਂਬਰ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਹੈ ਕਿ ਸ.ਬਾਦਲ ਦੋਹਾਂ ਅਹੁਦੇਦਾਰਾਂ ਵਿਚਕਾਰ ਪੈਦਾ ਹੋਏ ਕਲੇਸ਼ ਨਾਲ ਪਾਰਟੀ ਦੀ ਸਾਖ ਨੂੰ ਵੱਜ ਰਹੀ ਸੱਟ ਬਾਰੇ ਚਿੰਤਤ ਹਨ ਇਸ ਲਈ ਮੈਂਬਰਾਂ ਦੀ ਰਾਏ ਜਾਣ ਰਹੇ ਹਨ।