ਕਾਂਗਰਸੀ ਕੌਂਸਲਰ ਦੀ ਹਤਿਆ ਮਾਮਲੇ 'ਚ ਸ਼ਾਰਦਾ ਜੈਨ ਨੂੰ ਉਮਰ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਰਦਾ ਜੈਨ ਨੂੰ ਇਕ ਮਹਿਲਾ ਕੌਂਸਲਰ ਨਾਲ ਆਤਮਾ ਰਾਮ ਗੁਪਤਾ ਦੀਆਂ ਨਜ਼ਦੀਕੀਆਂ ਪਸੰਦ ਨਹੀਂ ਸਨ।

Supreme Court orders life sentence to Sharda Jain

ਨਵੀਂ ਦਿੱਲੀ : ਸੁਪੀਰਮ ਕੋਰਟ ਨੇ 17 ਸਾਲ ਪਹਿਲਾਂ ਕਾਂਗਰਸ ਪਾਰਟੀ ਦੇ ਕੌਂਸਲਰ ਰਹੇ ਆਤਮਾ ਰਾਮ ਗੁਪਤਾ ਦੇ ਅਗ਼ਵਾ ਅਤੇ ਉਨ੍ਹਾਂ ਦੀ ਹਤਿਆ ਦੀ ਸਾਜਿਸ਼ ਰਚਣ ਦੇ ਮਾਮਲੇ 'ਚ ਸਹਿ-ਦੋਸ਼ੀ ਅਤੇ ਦਿੱਲੀ ਦੇ ਕੇਸ਼ਵਪੁਰਮ ਨਗਰ ਨਿਗਮ ਵਾਰਡ ਦੀ ਸਾਬਕਾ ਕਾਂਗਰਸੀ ਕੌਂਸਲਰ ਸ਼ਾਰਦਾ ਜੈਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਆਤਮਾ ਰਾਮ ਗੁਪਤਾ 24 ਅਗਸਤ 2002 ਨੂੰ ਸ਼ਾਰਦਾ ਜੈਨ ਨਾਲ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਆਯੋਜਿਤ ਕਾਂਗਰਸ ਦੀ ਇਕ ਰੈਲੀ 'ਚ ਹਿੱਸਾ ਲੈਣ ਲਈ ਗਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਅਗ਼ਵਾ ਕਰ ਲਿਆ ਗਿਆ। ਇਸ ਦੇ 5 ਦਿਨ ਬਾਅਦ ਉਨ੍ਹਾਂ ਦੀ ਲਾਸ਼ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਇਕ ਨਹਿਰ 'ਚੋਂ ਮਿਲੀ ਸੀ। ਜੈਨ ਉਸ ਸਮੇਂ ਉੱਤਰ-ਪੱਛਮ ਦਿੱਲੀ ਦੇ ਕੇਸ਼ਵਪੁਰਮ ਨਗਰ ਨਿਗਮ ਵਾਰਡ ਤੋਂ ਕੌਂਸਲਰ ਸਨ। ਜੈਨ 'ਤੇ ਤ੍ਰਿਨਗਰ ਖੇਤਰ ਤੋਂ ਕੌਂਸਲਰ ਗੁਪਤਾ ਦੀ ਹਤਿਆ ਦੀ ਸਾਜਿਸ਼ ਰਚਣ ਦਾ ਦੋਸ਼ ਲੱਗਿਆ ਸੀ, ਕਿਉਂਕਿ ਉਸ ਨੂੰ ਪਾਰਟੀ ਦੀ ਇਕ ਹੋਰ ਮਹਿਲਾ ਕੌਂਸਲਰ ਮੇਮਵਤੀ ਬਰਵਾਲਾ ਨਾਲ ਗੁਪਤਾ ਦੀਆਂ ਨਜ਼ਦੀਕੀਆਂ ਪਸੰਦ ਨਹੀਂ ਸਨ।

ਜੱਜ ਐਮ.ਐਮ. ਸ਼ਾਂਤਨਗੌਦਰ ਅਤੇ ਅਜੇ ਰਸਤੋਗੀ ਦੀ ਇਕ ਬੈਂਚ ਨੇ ਦਿੱਲੀ ਹਾਈ ਕੋਰਟ ਅਤੇ ਰੋਹਿਣੀ ਦੀ ਹੇਠਲੀ ਅਦਾਲਤ ਦੇ ਫ਼ੈਸਲਿਆਂ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਅਤੇ ਹੇਠਲੀ ਅਦਾਲਤ ਨੇ ਜੈਨ ਅਤੇ ਸਹਿ-ਮੁਲਜ਼ਮ ਰਜਿੰਦਰ ਨੂੰ ਇਸ ਮਾਮਲੇ 'ਚ ਦੋਸ਼ੀ ਪਾਇਆ ਸੀ। ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਬਚੀ ਹੋਈ ਸਜ਼ਾ ਭੁਗਤਣ ਲਈ ਤੁਰੰਤ ਆਤਮਸਮਰਪਣ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਹਾਲਾਂਕਿ ਤੀਜੇ ਮੁਲਜ਼ਮ ਰਾਜ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸ਼ਾਰਦਾ ਜੈਨ ਪੁਲਿਸ ਅਧਿਕਾਰੀਆਂ ਨੂੰ ਉਸ ਥਾਂ 'ਤੇ ਲੈ ਕੇ ਗਈ ਸੀ, ਜਿਥੇ ਗੁਪਤਾ ਦੀ ਹਤਿਆ ਕੀਤੀ ਗਈ ਸੀ।