ਪਾਕਿ ਅਦਾਕਾਰਾ ਦੇ ਕਤਲ ਮਾਮਲੇ 'ਚ ਦੋਸ਼ੀ ਭਰਾ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਾਤਾ-ਪਿਤਾ ਨੇ ਅਪਣੇ ਪੁੱਤਰ ਲਈ ਮੁਆਫ਼ੀ ਦੀ ਮੰਗ ਕੀਤੀ ਸੀ

Qandeel Baloch brother has been jailed for life for her murder

ਲਾਹੌਰ : ਪਾਕਿਸਤਾਨ ਦੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦਾ ਕਤਲ ਕਰਨ ਦੇ ਮਾਮਲੇ ਵਿਚ ਸ਼ੁਕਰਵਾਰ ਨੂੰ ਇਕ ਅਦਾਲਤ ਨੇ ਉਸ ਦੇ ਭਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਫ਼ੌਜੀਆ ਅਜੀਮ ਉਰਫ਼ ਕੰਦੀਲ ਦੀ 15 ਜੁਲਾਈ 2016 ਨੂੰ ਪਾਕਿਸਤਾਨੀ ਪੰਜਾਬ ਸੂਬੇ ਦੇ ਮੁਲਤਾਨ ਵਿਚ ਉਸ ਦੇ ਘਰ ਵਿਚ ਹਤਿਆ ਕਰ ਦਿਤੀ ਗਈ ਸੀ। ਮੁਲਤਾਨ ਦੀ ਸੈਸ਼ਨ ਅਦਾਲਤ ਵਿਚ ਜੱਜ ਇਮਰਾਨ ਸ਼ਫੀ ਨੇ ਕੰਦੀਲ ਬਲੋਚ ਦੇ ਮਾਤਾ-ਪਿਤਾ ਅਤੇ ਸਾਰੇ ਸ਼ੱਕੀਆਂ ਦੀ ਮੌਜੂਦਗੀ ਵਿਚ ਅਪਣਾ ਫ਼ੈਸਲਾ ਸੁਣਾਇਆ।

ਅਦਾਲਤ ਨੇ ਕੰਦੀਲ ਦੇ ਭਰਾ ਮੁਹੰਮਦ ਵਸੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਦੋਂ ਕਿ ਉਸ ਦੇ ਇਕ ਹੋਰ ਭਰਾ ਅਸਲਮ ਸ਼ਾਹੀਨ, ਇਕ ਹੋਰ ਰਿਸ਼ਤੇਦਾਰ ਹੱਕ ਨਵਾਜ਼ ਅਤੇ ਮੌਲਵੀ ਅਬਦੁਲ ਕਾਵੀ ਸਣੇ ਹੋਰ ਸਾਰੇ ਸ਼ੱਕੀਆਂ ਨੂੰ ਬਰੀ ਕਰ ਦਿਤਾ ਗਿਆ। ਇਸ ਮਾਮਲੇ ਵਿਚ ਕੁਲ 35 ਗਵਾਹਾਂ ਨੇ ਅਪਣੇ ਬਿਆਨ ਦਰਜ ਕਰਵਾਏ। ਬਲੋਚ ਦੇ ਭਰਾ ਵਸੀਮ ਨੇ ਗੁਨਾਹ ਕਬੂਲ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਸ ਦੀ ਭੈਣ ਨੇ ਸੋਸ਼ਲ ਮੀਡੀਆ 'ਤੇ ਅਪਣੇ ਬਿਆਨਾਂ ਅਤੇ ਵੀਡੀਉ ਕਾਰਨ ਪਰਵਾਰ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ।

ਪਿਛਲੇ ਮਹੀਨੇ ਬਲੋਚ ਦੇ ਮਾਤਾ-ਪਿਤਾ ਨੇ ਅਪਣੇ ਪੁੱਤਰਾਂ ਨੂੰ ਮੁਆਫ਼ੀ ਦਿੰਦੇ ਹੋਏ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਉਨ੍ਹਾਂ ਦੀ ਅਪੀਲ ਨੂੰ ਠੁਕਰਾ ਦਿਤਾ ਸੀ।