ਰਾਸ਼ਟਰੀ ਪੰਛੀ ਮੋਰ ਲਈ 'ਜਮਦੂਤ' ਬਣਿਆ ਕਿਸਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਚੁਕਿਆ ਕਦਮ

file photo

ਬੀਕਾਨੇਰ : ਮਨੁੱਖ ਦੀ ਲਾਲਚੀ ਪ੍ਰਵਿਰਤੀ ਧਰਤੀ ਦੇ ਦੂਜੇ ਜੀਵਾਂ 'ਤੇ ਭਾਰੂ ਪੈਦੀ ਜਾ ਰਹੀ ਹੈ। ਮਨੁੱਖ ਵਲੋਂ ਅਪਣੀਆਂ ਰਿਹਾਇਸ਼ੀ ਤੇ ਖੁਰਾਕੀ ਲੋੜਾਂ ਦੀ ਪੂਰਤੀ ਲਈ ਕੁਦਰਤੀ ਵਸੀਲਿਆਂ ਦਾ ਰੱਜ ਕੇ ਉਜਾੜਾ ਕੀਤਾ ਜਾ ਰਿਹਾ ਹੈ। ਇਸ ਦੀ ਵਜ੍ਹਾ ਨਾਲ ਜੰਗਲੀ ਜੀਵ ਜੰਤੂਆਂ ਨੂੰ ਮਜਬੂਰੀਵੱਸ ਮਨੁੱਖੀ ਬਸਤੀਆਂ ਵਿਚ ਦਰ-ਗੁਜਰ ਲਈ ਆਉਣਾ ਪੈਂਦਾ ਹੈ ਜਾਂ ਇਨਸਾਨ ਉਨ੍ਹਾਂ ਦੇ ਇਲਾਕੇ 'ਚ ਜਾ ਡੇਰਾ ਜਮਾਉਂਦਾ ਹੈ, ਫਿਰ ਸ਼ੁਰੂ ਹੁੰਦੀ ਹੈ ਮਨੁੱਖ ਤੇ ਜੀਵ ਜੰਤੂਆਂ ਵਿਚਾਲੇ ਇਕ ਦੂਜੇ ਦੇ ਨੁਕਸਾਨ ਦੀ ਕਹਾਣੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦਾ ਜਿੱਥੇ ਇਕ ਕਿਸਾਨ ਨੇ ਆਪਣੀ ਫ਼ਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਪੰਛੀਆਂ ਨੂੰ ਜ਼ਹਿਰੀਲਾ ਜੋਗਾ ਪਾ ਦਿਤਾ।

ਇਸ ਕਾਰਨ ਲਗਭਗ 23 ਮੋਰਾਂ ਨੂੰ ਅਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਅਜਿਹਾ ਇਹ ਪਹਿਲਾ ਮਾਮਲਾ ਨਹੀਂ ਹੈ। ਅਣਗਿਣਤ ਅਜਿਹੇ ਮਾਮਲੇ ਸਾਹਮਣੇ ਹੀ ਨਹੀਂ ਆ ਪਾਉਂਦੇ। ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਕਿਸਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਸਾਨ ਦੇ ਖੇਤ ਵਿਚੋਂ ਮਰੇ ਹੋਏ 23 ਮੋਰ ਬਰਾਮਦ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਸਹਾਇਕ ਕੰਜ਼ਰਵੇਟਰ ਨੇ ਦਸਿਆ ਕਿ ਬੀਕਾਨੇਰ ਦੇ ਪਿੰਡ ਸੇਰੁਣਾ ਦੇ ਕਿਸਾਨ ਦਿਨੇਸ਼ ਕੁਮਾਰ ਅਪਣੇ ਖੇਤ 'ਚ ਮਟਰ ਦੀ ਬਿਜਾਈ ਕੀਤੀ ਹੋਈ ਸੀ। ਫ਼ਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਕਿਸਾਨ ਨੇ ਖੇਤ 'ਚ ਜ਼ਹਿਰੀਲਾ ਅਨਾਜ ਖਲਾਰਿਆ ਹੋਇਆ ਸੀ, ਜਿਸ ਨੂੰ ਖਾਣ ਨਾਲ 23 ਮੋਰ ਮਾਰੇ ਗਏ ਹਨ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸਾਨ 'ਤੇ ਮੋਰਾਂ ਦੀ ਤਸਕਰੀ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਕੀਤੀ। ਦੱਸ ਦਈਏ ਕਿ ਮੋਰ ਨੂੰ ਦੇਸ਼ ਦਾ ਰਾਸ਼ਟਰੀ ਪੰਛੀ ਹੋਣ ਦਾ ਮਾਣ ਹਾਸਲ ਹੈ। ਮੋਰ ਨੂੰ ਮਾਰਨ ਦੀ ਸੂਰਤ 'ਚ ਸਜ਼ਾ ਦਾ ਪ੍ਰਬੰਧ ਵੀ ਹੈ। ਕਥਿਤ ਦੋਸ਼ੀ ਕਿਸਾਨ 'ਤੇ ਜੇਕਰ ਇਹ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਉਸ ਨੂੰ ਇਕ ਸਾਲ ਦੀ ਕੈਦ ਤੇ 5000 ਤਕ ਦਾ ਜੁਰਮਾਨਾ ਹੋ ਸਕਦਾ ਹੈ। ਜੁਰਮਾਨਾ ਨਾ ਭਰਨ ਦੀ ਸੂਰਤ 'ਚ ਦੋਸ਼ੀ ਨੂੰ ਤਿੰਨ ਸਾਲ ਤਕ ਜੇਲ੍ਹ 'ਚ ਰਹਿਣਾ ਪੈ ਸਕਦਾ ਹੈ।