ਅਯੁਧਿਆਂ 'ਤੇ ਵੱਡਾ ਹਮਲਾ ਕਰਨ ਦੀ ਤਾਕ 'ਚ ਅਤਿਵਾਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤੀ ਚਿਤਾਵਨੀ

file photo

ਨਵੀਂ ਦਿੱਲੀ : ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਨੇ ਅਯੁਧਿਆ 'ਚ ਅਤਿਵਾਦੀ ਹਮਲੇ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀਆਂ ਮੁਤਾਬਕ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਅਯੁੱਧਿਆ 'ਚ ਅਤਿਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਦੀ ਕੋਸ਼ਿਸ਼ 'ਚ ਹੈ। ਇਸ ਚਿਤਾਵਨੀ ਤੋਂ ਯੂ.ਪੀ. ਪੁਲਿਸ ਨੇ ਅਯੁੱਧਿਆ 'ਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿਤੇ ਹਨ। ਕੇਂਦਰ ਸਰਕਾਰ ਵਲੋਂ ਚਾਰ ਮਹੀਨਿਆਂ 'ਚ ਸ੍ਰੀ ਰਾਮ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਦੇ ਐਲਾਨ ਤੋਂ ਬਾਅਦ ਅਤਿਵਾਦੀ ਸੰਗਠਨ ਨਾਲ ਜੁੜੇ ਸੋਸ਼ਲ ਮੀਡੀਆ ਪਲੇਟਫਾਰਮ 'ਟੈਲੀਗ੍ਰਾਮ' ਉਤੇ ਅਜ਼ਹਰ ਮਸੂਦ ਨੇ ਅਪਣੇ ਅਤਿਵਾਦੀਆਂ ਨੂੰ ਭਾਰਤ ਅੰਦਰ ਅਤਿਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਕਿਹਾ ਹੈ। ਜੈਸ਼ ਸਰਗਨਾ ਅਜ਼ਹਰ ਮਸੂਦ ਨੇ ਅਪਣੇ ਵੀਡੀਓ ਸੰਦੇਸ਼ ਜ਼ਰੀਏ ਅਤਿਵਾਦੀਆਂ ਨੂੰ ਅਯੁੱਧਿਆ ਦੀ ਧਰਤੀ 'ਤੇ ਵੱਡਾ ਅਤਿਵਾਦੀ ਹਮਲਾ ਕਰਨ ਲਈ ਉਕਸਾਇਆ ਹੈ।

ਦੱਸ ਦਈਏ ਕਿ ਖੁਫੀਆ ਚਿਤਾਵਨੀ ਤੋਂ ਪਹਿਲਾਂ ਹੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਇਸ ਗੱਲ ਤੋਂ ਵੀ ਚਿੰਤਤ ਹਨ ਕਿ ਪਿਛਲੇ ਦਿਨੀਂ 7 ਪਾਕਿ ਅਤਿਵਾਦੀ ਨੇਪਾਲ ਦੇ ਰਸਤੇ ਭਾਰਤ 'ਚ ਦਾਖ਼ਲ ਹੋਣ 'ਚ ਸਫ਼ਲ ਹੋ ਚੁੱਕੇ ਹਨ। ਸਮਝਿਆ ਜਾਂਦਾ ਹੈ ਕਿ ਇਹ ਅਤਿਵਾਦੀ ਉੱਤਰ ਪ੍ਰਦੇਸ਼ ਅੰਦਰ ਕਿਤੇ ਲਕੇ ਹੋਏ ਹਨ। ਪੁਲਿਸ ਇਨ੍ਹਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਜੈਸ਼ ਦੇ ਇਨ੍ਹਾਂ 7 ਅਤਿਵਾਦੀਆਂ 'ਚੋਂ 5 ਦੀ ਪਛਾਣ ਕੀਤੀ ਜਾ ਚੁੱਕੀ ਹੈ। ਜਿਨ੍ਹਾਂ  ਵਿਚ ਮੁਹੰਮਦ ਯਾਕੂਬ, ਅਬੂ ਹਮਜਾ, ਮੁਹੰਮਦ ਸ਼ਾਹਬਾਜ਼, ਨਿਸਾਰ ਅਹਿਮਦ ਤੇ ਮੁਹੰਮਦ ਕੌਮੀ ਚੌਧਰੀ ਆਦਿ ਨਾਂ ਦੇ ਅਤਿਵਾਦੀ ਸ਼ਾਮਲ ਹਨ।

ਮੋਦੀ ਦੀ ਯੂ.ਪੀ. ਯਾਤਰਾ ਦੌਰਾਨ ਵੀ ਰਿਹਾ ਅਲਰਟ : ਅਤਿਵਾਦੀ ਹਮਲੇ ਦੀ ਸ਼ੰਕਾ ਦੇ ਕਾਰਨ ਖੁਫ਼ੀਆ ਤੇ ਸੁਰੱਖਿਆ ਏਜੰਸੀਆਂ ਵਲੋਂ 7 ਅਤਿਵਾਦੀਆਂ ਦੀ ਭਾਲ ਜੰਗੀ ਪੱਧਰ 'ਤੇ ਜਾਰੀ ਹੈ ਪਰ ਹਾਲੇ ਤਕ ਇਨ੍ਹਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਤਰ ਪ੍ਰਦੇਸ਼ 'ਚ ਬੁੱਧਵਾਰ ਦੀ ਫੇਰੀ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਐੱਲਓਸੀ 'ਤੇ ਵਧਾਏ ਗਏ ਸੁਰੱਖਿਆ ਪ੍ਰਬੰਧ : ਸੂਤਰਾਂ ਅਨੁਸਾਰ ਸਮੁੱਚੀ ਕੰਟਰੋਲ ਰੇਖਾ (ਐੱਲਓਸੀ) 'ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿਤੇ ਗਏ ਹਨ। ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਦਸਤੇ ਨੂੰ ਤਾਇਨਾਤ ਕੀਤੇ ਗਏ ਹਨ। ਪਾਕਿਸਤਾਨ ਲਗਾਤਾਰ ਨੇਪਾਲ ਨਾਲ ਲੱਗਦੀ ਸਰਹੱਦ ਰਾਹੀਂ ਅਤਿਵਾਦੀਆਂ ਦੀ ਘੁਸਪੈਠ ਕਰਵਾਉਣ 'ਚ ਲੱਗਾ ਹੈ।