ਸ਼ਹੀਦ ਨਾਇਕ ਨਜ਼ੀਰ ਅਹਿਮਦ ਵਾਨੀ ਦਾ ਅਸ਼ੋਕ ਚੱਕਰ ਪਤਨੀ ਵਲੋਂ ਕੀਤਾ ਗਿਆ ਸਵੀਕਾਰ
ਸ਼ਹੀਦ ਨਾਇਕ ਨਜ਼ੀਰ ਅਹਿਮਦ ਵਾਨੀ ਨੂੰ ਮਰਨ ਉਪਰੰਤ ਮਿਲੇ ਅਸ਼ੋਕ ਚੱਕਰ ਸਨਮਾਨ ਨੂੰ ਸ਼ਨੀਵਾਰ...
ਨਵੀਂ ਦਿੱਲੀ : ਸ਼ਹੀਦ ਨਾਇਕ ਨਜ਼ੀਰ ਅਹਿਮਦ ਵਾਨੀ ਨੂੰ ਮਰਨ ਉਪਰੰਤ ਮਿਲੇ ਅਸ਼ੋਕ ਚੱਕਰ ਸਨਮਾਨ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੀ ਪਤਨੀ ਨੇ ਗਣਤੰਤਰ ਦਿਵਸ ਦੇ ਮੌਕੇ ਉਤੇ ਕਬੂਲ ਕੀਤਾ। ਵਾਨੀ ਨੇ ਜੰਮੂ ਅਤੇ ਕਸ਼ਮੀਰ ਵਿਚ ਸ਼ਹੀਦ ਹੋਣ ਤੋਂ ਪਹਿਲਾਂ ਦੋ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। 70ਵੇਂ ਗਣਤੰਤਰ ਦਿਵਸ ਉਤੇ ਵਾਨੀ ਦੀ ਮਾਂ ਦੇ ਨਾਲ ਉਨ੍ਹਾਂ ਦੀ ਪਤਨੀ ਮਹਜਬੀਨ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਅਸ਼ੋਕ ਚੱਕਰ ਪੁਰਸਕਾਰ ਕਬੂਲ ਕੀਤਾ।
ਪੁਰਸਕਾਰ ਕਬੂਲ ਕਰਦੇ ਸਮੇਂ ਦੋ ਬੱਚਿਆਂ ਦੀ ਮਾਂ ਮਹਜਬੀਨ ਦੀਆਂ ਅੱਖਾਂ ਪੁਰੀਆਂ ਪਾਣੀ ਦੇ ਨਾਲ ਭਰ ਗਈਆਂ ਸਨ। ਰਾਸ਼ਟਰੀ ਰਾਈਫਲਸ ਦੀ 34ਵੀ ਬਟਾਲੀਅਨ ਨਾਲ ਜੁੜੇ ਵਾਨੀ ਅਤਿਵਾਦ ਛੱਡ ਕੇ ਮੁੱਖ ਧਾਰਾ ਵਿਚ ਮੁੜ ਆਏ ਸਨ। ਉਹ ਦੋ ਅਤਿਵਾਦੀਆਂ ਦਾ ਸਫਾਇਆ ਕਰਨ ਤੋਂ ਬਾਅਦ ਪਿਛਲੇ ਸਾਲ 25 ਨਵੰਬਰ ਨੂੰ ਕਸ਼ਮੀਰ ਘਾਟੀ ਵਿਚ ਬਟਗੁੰਡ ਦੇ ਕੋਲ ਹੀਰਾਪੁਰ ਪਿੰਡ ਵਿਚ ਮੁੱਠਭੇੜ ਦੇ ਦੌਰਾਨ ਸ਼ਹੀਦ ਹੋ ਗਏ ਸਨ।
ਵਾਨੀ ਦੁਆਰਾ ਮਾਰੇ ਜਾਣ ਵਾਲਿਆਂ ਵਿਚ ਲਸ਼ਕਰ - ਏ - ਤੋਇਬਾ ਦਾ ਜ਼ਿਲ੍ਹਾ ਕਮਾਂਡਰ ਅਤੇ ਇਕ ਵਿਦੇਸ਼ੀ ਅਤਿਵਾਦੀ ਸ਼ਾਮਲ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ। ਉਨ੍ਹਾਂ ਦੇ ਸਿਰ ਵਿਚ ਵੀ ਗੋਲੀ ਲੱਗੀ। ਦਮ ਤੋੜਨ ਤੋਂ ਪਹਿਲਾਂ ਉਨ੍ਹਾਂ ਨੇ ਇਕ ਹੋਰ ਅਤਿਵਾਦੀ ਨੂੰ ਵੀ ਜਖ਼ਮੀ ਕਰ ਦਿਤਾ।