ਪਾਕਿਸਤਾਨ ਦੇ ਛੇਤੀ ਹੀ ਚਾਰ ਟੁਕੜੇ ਹੋਣਗੇ - ਰਾਮਦੇਵ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਵੱਖ ਹੋਏ ਹਿੱਸੇ ਖ਼ੁਦ ਭਾਰਤ 'ਚ ਰਲ਼ੇਵੇਂ ਦਾ ਪ੍ਰਸਤਾਵ ਦੇਣਗੇ

Image

 

ਹਰਿਦੁਆਰ - ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਰਾਮਦੇਵ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜਲਦੀ ਹੀ ਪਾਕਿਸਤਾਨ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਉਹ ਭਾਰਤ 'ਚ ਰਲ਼ ਜਾਣਗੇ।  

ਇੱਥੇ ਪਤੰਜਲੀ ਯੋਗਪੀਠ ਵਿੱਚ 74ਵੇਂ ਗਣਤੰਤਰ ਦਿਵਸ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮਦੇਵ ਨੇ ਕਿਹਾ ਕਿ ਬਹੁਤ ਜਲਦੀ ਪਾਕਿਸਤਾਨ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਉਸ ਨੇ ਕਿਹਾ, ''ਸਿੰਧ, ਬਲੋਚਿਸਤਾਨ, ਪੰਜਾਬ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਾਰੇ ਵੱਖ-ਵੱਖ ਰਾਸ਼ਟਰ ਬਣਨਗੇ ਅਤੇ ਪਾਕਿਸਤਾਨ ਇੱਕ ਨਿੱਕਾ ਜਿਹਾ ਦੇਸ਼ ਰਹਿ ਜਾਵੇਗਾ।"

ਗੁਆਂਢੀ ਮੁਲਕ ਦੇ ਕੰਗਾਲੀ ਦੇ ਰਾਹ ’ਤੇ ਤੁਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਸਾਰੇ ਟੁਕੜੇ ਭਾਰਤ ਵਿੱਚ ਰਲ਼ ਜਾਣਗੇ ਅਤੇ ਭਾਰਤ ਇੱਕ ਮਹਾਂਸ਼ਕਤੀ ਬਣੇਗਾ।

ਰਾਮਦੇਵ ਨੇ ਕਿਹਾ ਕਿ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਭਾਰਤ ਨਾਲ ਸੱਭਿਆਚਾਰਕ ਪਛਾਣ ਹੈ, ਇਸ ਲਈ ਉਹ ਖੁਦ ਭਾਰਤ ਨਾਲ ਰਲੇਵੇਂ ਦਾ ਪ੍ਰਸਤਾਵ ਦੇਣਗੇ।

ਉਸ ਨੇ ਦਾਅਵਾ ਕੀਤਾ, “ਭਾਰਤ ਇੱਕ ਮਹਾਂਸ਼ਕਤੀ ਬਣੇਗਾ। ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ ਅਤੇ ਅਜਿਹਾ ਹੋਣ ਵਾਲਾ ਹੈ।'' 

ਰਾਮਦੇਵ ਨੇ ਦੇਸ਼ ਦੀ ਸਨਾਤਨ ਪਰੰਪਰਾ ਨਾਲ ਜੁੜੇ ਮਹਾਪੁਰਖਾਂ ਦੇ ਅਪਮਾਨ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤ 'ਚ ਧਾਰਮਿਕ ਅੱਤਵਾਦ ਚੱਲ ਰਿਹਾ ਹੈ ਅਤੇ ਸਨਾਤਨ ਹਿੰਦੂ ਧਰਮ ਨੂੰ ਨੀਵਾਂ ਦਿਖਾਉਣ ਦੇ ਯਤਨ ਕੀਤੇ ਜਾ ਰਹੇ ਹਨ। 

ਸਨਾਤਨ ਧਰਮ ਨੂੰ ਸਦੀਵੀ ਸੱਚ ਦੱਸਦਿਆਂ ਰਾਮਦੇਵ ਨੇ ਕਿਹਾ ਕਿ ਸਨਾਤਨ ਪਰੰਪਰਾ ਦੇ ਧਰਮ ਗ੍ਰੰਥਾਂ ਅਤੇ ਮਹਾਪੁਰਖਾਂ ਦੀ ਨਿੰਦਿਆ ਕਰਨ ਵਾਲੇ ਲੋਕ ਭਾਰਤ ਵਿਰੋਧੀ ਹਨ ਅਤੇ ਅੰਤਰਰਾਸ਼ਟਰੀ ਸ਼ਕਤੀਆਂ ਦੇ ਇਸ਼ਾਰੇ 'ਤੇ ਅਜਿਹੇ ਕੰਮ ਕਰ ਰਹੇ ਹਨ ਜਿਸ ਨਾਲ ਭਾਰਤ ਦਾ ਅਪਮਾਨ ਹੋਵੇ।

ਉਨ੍ਹਾਂ ਦੇਸ਼ ਵਾਸੀਆਂ ਨੂੰ ਅਜਿਹੇ ਲੋਕਾਂ ਦਾ ਸਖ਼ਤ ਵਿਰੋਧ ਕਰਨ ਦੀ ਅਪੀਲ ਕੀਤੀ।