ਯੂਕਰੇਨ ਤੋਂ ਪਰਤਣ ਵਾਲੇ ਨਾਗਰਿਕਾਂ ਦਾ ਯਾਤਰਾ ਖਰਚਾ ਚੁੱਕੇਗੀ ਬਿਹਾਰ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਯੂਕਰੇਨ ਤੋਂ ਭਾਰਤ ਲਿਆਂਦੇ ਜਾ ਰਹੇ ਸੂਬੇ ਦੇ ਲੋਕਾਂ ਦੀ ਯਾਤਰਾ ਦਾ ਖਰਚਾ ਚੁੱਕੇਗੀ

Bihar government will bear the travel expenses of citizens returning from Ukraine

 

ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਜੰਗ ਪ੍ਰਭਾਵਿਤ ਯੂਕਰੇਨ ਤੋਂ ਭਾਰਤ ਲਿਆਂਦੇ ਜਾ ਰਹੇ ਸੂਬੇ ਦੇ ਲੋਕਾਂ ਦੀ ਯਾਤਰਾ ਦਾ ਖਰਚਾ ਚੁੱਕੇਗੀ। ਇਹਨਾਂ ਲੋਕਾਂ ਦੇ ਸ਼ਨੀਵਾਰ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ। ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਦੇਰ ਰਾਤ ਇਹ ਐਲਾਨ ਕੀਤਾ। ਉਹਨਾਂ ਨੇ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਲਈ ਕੇਂਦਰ ਦਾ ਧੰਨਵਾਦ ਕੀਤਾ।

Indian Students in Ukraine

ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਅਜਿਹੀ ਹਰੇਕ ਉਡਾਣ ਦਿੱਲੀ ਅਤੇ ਮੁੰਬਈ ਪਹੁੰਚੇਗੀ ਅਤੇ ਸੂਬਾ ਸਰਕਾਰ ਬਿਹਾਰ ਦੇ ਲੋਕਾਂ ਦੇ ਸਫ਼ਰ ਦਾ ਖਰਚਾ ਚੁੱਕੇਗੀ।  ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰਾਂ ਆ ਰਹੀਆਂ ਹਨ ਕਿ ਮਾਪੇ ਯੂਕਰੇਨ ਤੋਂ ਆਪਣੇ ਬੱਚਿਆਂ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Bihar CM Nitish Kumar

ਪੂਰਬੀ ਚੰਪਾਰਨ ਜ਼ਿਲ੍ਹੇ ਦੇ ਕੇਸਰੀਆ ਦੀ ਵਸਨੀਕ ਸੁਮਿਤਰਾ ਕੁਮਾਰੀ ਯਾਦਵ ਨੇ ਕਿਹਾ, “ਮੇਰੇ ਦੋ ਬੱਚੇ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਹੁਣ ਤੱਕ ਦੋਵੇਂ ਸੁਰੱਖਿਅਤ ਹਨ ਪਰ ਸਥਿਤੀ ਨਾਜ਼ੁਕ ਬਣੀ ਹੋਈ ਹੈ”। ਉਹ ਸਥਾਨਕ ਕਾਂਗਰਸੀ ਆਗੂ ਵੀ ਹਨ।

Indian students

ਪੂਰਬੀ ਚੰਪਾਰਨ ਦੇ ਚੱਕੀਆ ਇਲਾਕੇ 'ਚ ਗਹਿਣਿਆਂ ਦਾ ਕਾਰੋਬਾਰ ਚਲਾਉਣ ਵਾਲੇ ਅਸ਼ੋਕ ਕੁਮਾਰ ਦਾ ਵੀ ਅਜਿਹਾ ਹੀ ਹਾਲ ਹੈ। ਉਹਨਾਂ ਨੇ ਕਿਹਾ, “ਮੇਰਾ ਬੇਟਾ ਕੁੰਜ ਬਿਹਾਰੀ ਲੀਵ ਵਿਚ ਫਸਿਆ ਹੋਇਆ ਹੈ। ਮੈਨੂੰ ਪਤਾ ਹੈ ਕਿ ਉਹ ਵਾਪਸ ਆ ਰਿਹਾ ਹੈ। ਸਫ਼ਰ ਮੁਸ਼ਕਿਲ ਹੈ ਪਰ ਇਕ ਵੱਡੀ ਰਾਹਤ ਹੈ।"