Russia-Ukraine War: ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗੀ ਮਦਦ
ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨੇ ਟਵੀਟ ਕੀਤਾ ਹੈ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ।
ਨਵੀਂ ਦਿੱਲੀ: ਰੂਸ-ਯੂਕਰੇਨ ਵਿਚਾਲੇ ਜੰਗ ਦੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨੇ ਟਵੀਟ ਕੀਤਾ ਹੈ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਪੀਐਮ ਮੋਦੀ ਨੂੰ ਰੂਸ ਦੇ ਹਮਲੇ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ "100,000 ਤੋਂ ਵੱਧ ਹਮਲਾਵਰ ਉਹਨਾਂ ਧਰਤੀ 'ਤੇ ਆ ਗਏ ਹਨ ਅਤੇ ਰਿਹਾਇਸ਼ੀ ਇਮਾਰਤਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਰਹੇ ਹਨ"।
Russia Ukraine War
ਉਹਨਾਂ ਨੇ ਇਹ ਵੀ ਲਿਖਿਆ, "ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਉਹ ਸੁਰੱਖਿਆ ਪ੍ਰੀਸ਼ਦ ਵਿਚ ਸਾਨੂੰ ਰਾਜਨੀਤਿਕ ਸਮਰਥਨ ਦੇਵੇ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਹਮਲਾਵਰ ਦਾ ਸਾਹਮਣਾ ਕਰਨਾ ਚਾਹੀਦਾ ਹੈ”। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਪੀਐਮ ਮੋਦੀ ਨੇ ਯੂਕਰੇਨ ਵਿਚ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਯੂਕਰੇਨੀ ਪ੍ਰਸ਼ਾਸਨ ਤੋਂ ਤੁਰੰਤ ਸਹਾਇਤਾ ਦੀ ਮੰਗ ਕੀਤੀ।
Tweet
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ। ਪੀਐਮ ਮੋਦੀ ਨੇ ਜਾਰੀ ਸੰਘਰਸ਼ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਆਪਣੀ ਅਪੀਲ ਦੇ ਨਾਲ ਗੱਲਬਾਤ ਦੇ ਰਸਤੇ 'ਤੇ ਵਾਪਸ ਜਾਣ ਦੀ ਆਪਣੀ ਮੰਗ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਭਾਰਤ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿੱ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ।
PM modi
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਰੂਸ ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ। ਇਸ ਪ੍ਰਸਤਾਵ ਦੇ ਪੱਖ 'ਚ 11 ਅਤੇ ਵਿਰੋਧ 'ਚ 1 ਵੋਟ ਪਈ। ਭਾਰਤ, ਚੀਨ ਅਤੇ ਯੂਏਈ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਹਾਲਾਂਕਿ ਰੂਸ ਨੇ ਵੀਟੋ ਪਾਵਰ ਦੀ ਵਰਤੋਂ ਕਰਦੇ ਹੋਏ ਇਸ ਨਿੰਦਾ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਦੱਸ ਦਈਏ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਫੋਨ 'ਤੇ ਗੱਲ ਕੀਤੀ ਸੀ।