ਕੋਰੋਨਾ ਵੈਕਸੀਨ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ ’ਤੇ ਹਮਲਾ, ਕਿਹਾ- ਚਰਚਾ ਬਹੁਤ ਹੋ ਚੁੱਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਪੈਦਾ ਹੋਏ ਹਾਲਾਤ ਦੇ ਚਲਦਿਆਂ ਦੇਸ਼ ਵਿਚ ਸਿਹਤ ਸਬੰਧੀ ਸਹੂਲਤਾਂ ਨੂੰ ਲੈ ਕੇ ਕਈ ਸਵਾਲ ਕੀਤੇ ਜਾ ਰਹੇ ਹਨ।

Rahul Gandhi

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਪੈਦਾ ਹੋਏ ਹਾਲਾਤ ਦੇ ਚਲਦਿਆਂ ਦੇਸ਼ ਵਿਚ ਸਿਹਤ ਸਬੰਧੀ ਸਹੂਲਤਾਂ ਨੂੰ ਲੈ ਕੇ ਕਈ ਸਵਾਲ ਕੀਤੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ’ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਚਰਚਾ ਬਹੁਤ ਹੋ ਚੁੱਕੀ ਹੈ। ਦੇਸ਼ ਦੇ ਲੋਕਾਂ ਨੂੰ ਵੈਕਸੀਨ ਮੁਫਤ ਵਿਚ ਮਿਲਣੀ ਚਾਹੀਦੀ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਚਰਚਾ ਬਹੁਤ ਹੋ ਚੁੱਕੀ। ਦੇਸ਼ ਵਾਸੀਆਂ ਨੂੰ ਵੈਕਸੀਨ ਮੁਫਤ ਮਿਲਣੀ ਚਾਹੀਦੀ ਹੈ- ਗੱਲ ਖ਼ਤਮ। ਨਾ ਬਣਾਓ ਭਾਰਤ ਨੂੰ ਭਾਜਪਾ ਸਿਸਟਮ ਦਾ ਵਿਕਟਿਮ!’ ਇਸ ਤੋਂ ਪਹਿਲਾਂ ਬੀਤੇ ਦਿਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਘੱਟ ਦੱਸਿਆ ਜਾ ਰਿਹਾ ਹੈ।

ਉਹਨਾਂ ਟਵੀਟ ਕੀਤਾ, ‘‘ਸਿਸਟਮ ਫ਼ੇਲ’ ਹੈ ਇਸ ਲਈ ਇਹ ਲੋਕਹਿਤ ਦੀ ਗੱਲ ਕਰਨੀ ਜ਼ਰੂਰੀ ਹੈ। ਇਸ ਸੰਕਟ ’ਚ ਦੇਸ਼ ਨੂੰ ਜ਼ਿੰਮੇਦਾਰ ਨਾਗਰਿਕਾਂ ਦੀ ਲੋੜ ਹੈ। ਅਪਣੇ ਕਾਂਗਰਸ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਸਿਆਸੀ ਕੰਮ ਛੱਡ ਕੇ ਸਿਰਫ਼ ਲੋਕਾਂ ਦੀ ਮਦਦ ਕਰੋ, ਹਰ ਤਰ੍ਹਾਂ ਨਾਲ ਦੇਸ਼ ਵਾਸੀਆਂ ਦਾ ਦੁੱਖ ਦੂਰ ਕਰੋ। ਕਾਂਗਰਸ ਪਰਵਾਰ ਦਾ ਇਹ ਹੀ ਧਰਮ ਹੈ।’’

ਕਾਂਗਰਸ ਆਗੂ ਨੇ ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ, ‘‘ਸੱਚ ’ਤੇ ਪਰਦਾ ਪਾਇਆ ਜਾ ਰਿਹਾ ਹੈ, ਆਕਸੀਜਨ ਦੀ ਕਮੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਮੌਤਾਂ ਦੇ ਅੰਕੜਿਆਂ ਨੂੰ ਘੱਟ ਦਸਿਆ ਜਾ ਰਿਹਾ ਹੈ। ਭਾਰਤ ਸਰਕਾਰ ਅਪਣੀ ਫਰਜ਼ੀ ਛਵੀ ਬਚਾਉਣ ਲਈ ਸੱਭ ਕੁੱਝ ਕਰ ਰਹੀ ਹੈ।’’