ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਮਗਰੋਂ ਲਾਲੂ ਪ੍ਰਸਾਦ ਯਾਦਵ ਨੇ ਖਾਣਾ ਛੱਡਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰਾ ਘੁਟਾਲੇ ਦੇ ਦੋਸ਼ 'ਚ ਜੇਲ ਦੀ ਸਜ਼ਾ ਕੱਟ ਰਹੇ ਹਨ ਲਾਲੂ ਪ੍ਰਸਾਦ ਯਾਦਵ

After election results Lalu Prasad Yadav is in depression, left food

ਰਾਂਚੀ : ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਖਾਣਾ-ਪੀਣਾ ਛੱਡ ਦਿੱਤਾ ਹੈ। ਰਾਂਚੀ ਦੇ RIMS ਹਸਪਤਾਲ 'ਚ ਦਾਖ਼ਲ ਲਾਲੂ ਯਾਦਵ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਣਾ ਛੱਡਣ ਕਾਰਨ ਲਾਲੂ ਦੀ ਸਿਹਤ ਖ਼ਰਾਬ ਹੁੰਦੀ ਜਾ ਰਹੀ ਹੈ। ਲਾਲੂ ਚਾਰਾ ਘੁਟਾਲੇ ਦੇ ਦੋਸ਼ 'ਚ ਜੇਲ ਦੀ ਸਜ਼ਾ ਕੱਟ ਰਹੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਆਰ.ਜੇ.ਡੀ. ਇਕ ਵੀ ਸੀਟ ਨਹੀਂ ਜਿੱਤ ਸਕੀ।

RIMS ਦੇ ਡਾਕਟਰ ਉਮੇਸ਼ ਪ੍ਰਸਾਦ ਨੇ ਦੱਸਿਆ ਕਿ ਬੀਤੇ 2-3 ਦਿਨ ਤੋਂ ਲਾਲੂ ਸਵੇਰ ਦਾ ਨਾਸ਼ਤਾ ਤਾਂ ਕਰ ਰਹੇ ਹਨ ਪਰ ਦੁਪਹਿਰ ਦਾ ਖਾਣਾ ਨਹੀਂ ਖਾ ਰਹੇ। ਇਸ ਤਰ੍ਹਾਂ ਉਹ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਰਾਤ ਨੂੰ ਹੀ ਖਾਣਾ ਖਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇੰਸੁਲਿਨ ਦੇਣ 'ਚ ਪ੍ਰੇਸ਼ਾਨੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਬਿਹਾਰ ਦੀਆਂ 40 ਲੋਕ ਸਭਾ ਸੀਟਾਂ 'ਚੋਂ 39 'ਤੇ ਐਨ.ਡੀ.ਏ. ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਲਾਲੂ ਦੀ ਪਾਰਟੀ ਆਰ.ਜੇ.ਡੀ. ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।

ਆਰ.ਜੇ.ਡੀ. ਨੇ ਕਾਂਗਰਸ, ਰਾਲੋਦ, ਸਪਾ ਅਤੇ ਵੀਆਈਪੀ ਪਾਰਟੀ ਨਾਲ ਮਹਾਗਠਜੋੜ ਕਰ ਕੇ ਬਿਹਾਰ 'ਚ ਚੋਣ ਲੜੀ ਸੀ। ਜਿਸ 'ਚੋਂ ਇਕਲੌਤੀ ਸੀਟ ਕਾਂਗਰਸ ਹੀ ਜਿੱਤ ਸਕੀ। ਡਾਕਟਰ ਨੇ ਦੱਸਿਆ ਕਿ ਲਾਲੂ ਨੂੰ ਕਾਫ਼ੀ ਸਮਝਾਇਆ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਅਜਿਹੇ 'ਚ ਸਮੇਂ ਸਿਰ ਖਾਣਾ ਅਤੇ ਦਵਾਈ ਲੈਣੀ ਜ਼ਰੂਰੀ ਹੈ। ਜੇ ਸਮੇਂ 'ਤੇ ਖਾਣਾ ਨਹੀਂ ਖਾਣਗੇ ਤਾਂ ਸਮੇਂ 'ਤੇ ਦਵਾਈ ਵੀ ਨਹੀਂ ਦਿੱਤੀ ਜਾ ਸਕੇਗੀ। ਜਿਸ ਦਾ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। 

ਜ਼ਿਕਰਯੋਗ ਹੈ ਕਿ ਚੋਣ ਨਤੀਜੇ ਵਾਲੇ ਦਿਨ ਲਾਲੂ ਸਵੇਰੇ 8 ਵਜੇ ਟੀਵੀ ਅੱਗੇ ਬੈਠ ਗਏ ਸਨ। ਜਿਵੇਂ-ਜਿਵੇਂ ਨਤੀਜੇ ਆਉਣ ਲੱਗੇ ਉਨ੍ਹਾਂ ਦੀ ਉਦਾਸੀ ਵੱਧਦੀ ਚਲੀ ਗਈ। ਦੁਪਹਿਰ 1 ਵਜੇ ਤਕ ਉਹ ਟੀਵੀ ਬੰਦ ਕਰ ਕੇ ਸੌ ਗਏ। ਫਿਰ ਉਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਲੱਗ ਗਈ।