BJP ਆਗੂਆਂ 'ਤੇ ਇਤਰਾਜ਼ਯੋਗ ਪੋਸਟ ਪਾਉਣ ਵਾਲੇ BJP IT ਸੈਲ ਦਾ ਮੈਂਬਰ ਗ੍ਰਿਫ਼ਤਾਰ, ਕਈ ਭਾਜਪਾ ਆਗੂ ਨਰਾਜ਼
ਪਾਰਟੀ ਤੋਂ ਅਸਤੀਫ਼ਾ ਦੇਣ ਦੀ ਤਿਆਰੀ ਵਿਚ ਨਰਾਜ਼ ਆਗੂ ਤੇ ਵਰਕਰ
ਅਹਿਮਦਾਬਾਦ: ਗੁਜਰਾਤ ਵਿਚ ਭਾਜਪਾ ਆਈਟੀ ਸੈੱਲ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ’ਤੇ ਸੂਰਤ ਦੇ ਭਾਜਪਾ ਮੁਖੀ ਨੀਰਜ ਝਾਂਝਮੇਰਾ ਅਤੇ ਹੋਰ ਪਾਰਟੀ ਨੇਤਾਵਾਂ ਖ਼ਿਲਾਫ਼ ਇਤਰਾਜ਼ਯੋਗ ਪੋਸਟ ਕਰਨ ਦਾ ਦੋਸ਼ ਹੈ। ਗ੍ਰਿਫ਼ਤਾਰੀ ਤੋਂ ਨਰਾਜ਼ ਕਈ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਮੋਰਚਾ ਖੋਲ੍ਹਿਆ ਹੈ ਅਤੇ ਪਾਰਟੀ ਤੋਂ ਅਸਤੀਫ਼ੇ ਦਾ ਵੀ ਐਲਾਨ ਕਰ ਦਿੱਤਾ ਹੈ।
ਦਰਅਸਲ ਪੁਲਿਸ ਨੇ ਜਿਸ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸ ਦਾ ਨਾਮ ਨਿਤੇਸ਼ ਵਨਾਨੀ ਹੈ। ਉਹ ਸੂਰਤ ਵਿਚ ਭਾਜਪਾ ਆਈਟੀਸੈੱਲ ਵਿਚ ਕੰਮ ਕਰਦਾ ਹੈ। ਸੂਰਤ ਦੀ ਸਾਈਬਰ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਪ੍ਰਸ਼ਾਂਤ ਖੋਖਰਾ ਨੇ ਦੱਸਿਆ ਕਿ ਨਿਤੇਸ਼ ਨੇ ਸਿਆਸੀ ਪਾਰਟੀ ਦੇ ਨੇਤਾਵਾਂ ਖਿਲਾਫ ਇਤਰਾਜ਼ਯੋਗ ਪੋਸਟਾਂ ਸੇਅਰ ਕੀਤੀਆਂ। ਇਸ ਨਾਲ ਉਹਨਾ ਨੇਤਾਵਾਂ ਦਾ ਅਕਸ ਖਰਾਬ ਹੋ ਰਿਹਾ ਹੈ। ਇਹ ਪੋਸਟਾਂ ਵੱਖ-ਵੱਖ ਫਰਜ਼ੀ ਅਕਾਊਂਟ ਜ਼ਰੀਏ ਕੀਤੀਆਂ ਗਈਆਂ। ਇਸ ਸਿਲਸਿਲੇ ਵਿਚ ਨਿਤੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਖ਼ਬਰਾਂ ਮੁਤਾਬਕ ਸੂਰਤ ਵਿਚ ਪਲਸਾਣਾ ਇਲਾਕੇ ਦੇ ਰਹਿਣ ਵਾਲੇ ਇਕ ਸਮਾਜਿਕ ਕਾਰਜਕਰਤਾ ਨੇ ਇਸ ਸਬੰਧੀ ਐਫਆਈਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਨਿਤੇਸ਼ ਨੂੰ ਉਸ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਦੇ ਖ਼ਿਲਾਫ ਆਈਪੀਸੀ ਦੀ ਧਾਰਾ 153(a), 153 (b), 292, 293, 294 (b), 470, 471, 417, 419, 120(B) ਲਗਾਈ ਹੈ।
ਦੂਜੇ ਪਾਸੇ ਭਾਜਪਾ ਦੇ ਕਈ ਨੇਤਾ ਅਤੇ ਵਰਕਰ ਨਿਤੇਸ਼ ਦੇ ਸਮਰਥਨ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਨਿਤੇਸ਼ ਕਾਮਰਸ ਵਿਚ ਗ੍ਰੈਜੂਏਟ ਹੈ। ਉਹ ਰੀਅਲ ਅਸਟੇਟ ਬ੍ਰੋਕਰ ਦਾ ਵੀ ਕੰਮ ਕਰਦਾ ਹੈ। ਭਾਜਪਾ ਦਾ ਸਰਗਰਮ ਵਰਕਰ ਰਿਹਾ ਹੈ। ਨਿਤੇਸ਼ ਦਾ ਸਮਰਥਨ ਕਰ ਰਹੇ ਕਈ ਨੇਤਾ ਅਤੇ ਵਰਕਰ ਭਾਜਪਾ ਤੋਂ ਅਸਤੀਫ਼ਾ ਦੇਣ ਲਈ ਵੀ ਤਆਰ ਹਨ। ਇਹਨਾਂ ਦਾ ਦੋਸ਼ ਹੈ ਕਿ ਸੂਰਤ ਭਾਜਪਾ ਦੇ ਕੁਝ ਨੇਤਾਵਾਂ ਦੇ ਇਸ਼ਾਰੇ ’ਤੇ ਨਿਤੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।