ਇੰਦਰਾ ਗਾਂਧੀ ਵਾਲੀ ਭੁੱਲ ਨਹੀਂ ਦੁਹਰਾਉਣਾ ਚਾਹੁੰਦੇ ਮੋਦੀ, ਸੁਰੱਖਿਆ 'ਚ ਹਿੰਦੂ ਗਾਰਡ ਤਾਇਨਾਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਜਨਤਾ ਤੋਂ ਦੂਰੀ ਬਣਾ ਕੇ ਅਕਸਰ ਐਪ ਰਾਹੀਂ ਕਈ ਰੈਲੀਆਂ ਨੂੰ ਸੰਬੋਧਨ ਕਰਦੇ ਹਨ ਪਰ ਹੁਣ...

narinder modi

ਗ੍ਰਹਿ ਮੰਤਰਾਲਾ ਨੇ ਸਖ਼ਤ ਕੀਤੀ ਮੋਦੀ ਦੀ ਸੁਰੱਖਿਆ -----ਮੰਤਰੀਆਂ ਨੂੰ ਮਿਲਣ ਲਈ ਲੈਣੀ ਹੋਵੇਗੀ ਸੁਰੱਖਿਆ ਏਜੰਸੀ ਦੀ ਇਜਾਜ਼ਤ
ਪੀਐਮ ਨੂੰ ਜਨਤਕ ਪ੍ਰੋਗਰਾਮਾਂ 'ਚ ਨਾ ਸ਼ਾਮਲ ਹੋਣ ਦੀ ਸਲਾਹ

ਚੰਡੀਗੜ੍ਹ (ਸ਼ਾਹ) : ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਜਨਤਾ ਤੋਂ ਦੂਰੀ ਬਣਾ ਕੇ ਅਕਸਰ ਐਪ ਰਾਹੀਂ ਕਈ ਰੈਲੀਆਂ ਨੂੰ ਸੰਬੋਧਨ ਕਰਦੇ ਹਨ ਪਰ ਹੁਣ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਜਦੋਂ ਵੱਡੇ ਖ਼ਤਰੇ ਦੀ ਗੱਲ ਸਾਹਮਣੇ ਆਈ ਹੈ ਤਾਂ ਇਹ ਦੂਰੀ ਹੋਰ ਜ਼ਿਆਦਾ ਵਧ ਜਾਵੇਗੀ। ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਨਿਯਮ ਇੰਨੇ ਸਖ਼ਤ ਕੀਤੇ ਹਨ ਕਿ ਜਨਤਾ ਤਾਂ ਦੂਰ ਦੀ ਗੱਲ, ਕੋਈ ਮੰਤਰੀ ਵੀ ਬਿਨਾਂ ਸੁਰੱਖਿਆ ਏਜੰਸੀ ਦੀ ਇਜਾਜ਼ਤ ਦੇ ਉਨ੍ਹਾਂ ਨੂੰ ਮਿਲ ਨਹੀਂ ਸਕੇਗਾ।

ਭਾਜਪਾ ਦੇ ਕੇਂਦਰੀ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਵਿਚ ਬਹੁਤ ਸਾਰੀਆਂ ਅਜਿਹੀਆਂ ਫਿਰਕੂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੂੰ ਹਿੰਦੂਵਾਦੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਅੰਜ਼ਾਮ ਦਿਤਾ। ਘੱਟ ਗਿਣਤੀਆਂ 'ਤੇ ਜ਼ੁਲਮ ਢਾਏ ਜਾਣ ਦੀਆਂ ਇਕ ਤੋਂ ਬਾਅਦ ਇਕ ਘਟਨਾਵਾਂ ਨਿੱਤ ਦਿਨ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਗ੍ਰਹਿ ਮੰਤਰਾਲਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਹੋਰ ਮਜ਼ਬੂਤ ਕਰਨੀ ਪੈ ਰਹੀ ਹੈ। 

ਕੁੱਝ ਵਿਰੋਧੀਆਂ ਦਾ ਕਹਿਣਾ ਹੈ ਕਿ ਮੋਦੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ, ਜਿਨ੍ਹਾਂ ਨੇ ਸਿੱਧੇ ਤੌਰ 'ਤੇ ਕਦੇ ਮੀਡੀਆ ਨੂੰ ਸੰਬੋਧਨ ਨਹੀਂ ਕੀਤਾ। ਮੋਦੀ ਜਨਤਾ ਨਾਲ ਸਿੱਧੇ ਰੁਬਰੂ ਹੋਣ ਤੋਂ ਡਰਦੇ ਹਨ। ਜਦੋਂ ਕਿਤੇ ਉਨ੍ਹਾਂ ਦਾ ਜਨਤਾ ਵਿਚ ਕੋਈ ਪ੍ਰੋਗਰਾਮ ਵੀ ਹੁੰਦਾ ਹੈ ਤਾਂ ਉਹ ਪਹਿਲਾਂ ਤੋਂ ਤੈਅਸ਼ੁਦਾ ਹੁੰਦਾ ਹੈ, ਉਸ ਵਿਚ ਪੁੱਛੇ ਜਾਣ ਵਾਲੇ ਸਵਾਲ ਵੀ ਪਹਿਲਾਂ ਤੋਂ ਤੈਅ ਹੁੰਦੇ ਹਨ। ਸਿੰਗਾਪੁਰ ਵਿਚ ਪ੍ਰਧਾਨ ਮੰਤਰੀ ਦੀ ਸਪੀਚ ਦਾ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹੈ

ਜਿਸ ਤਰ੍ਹਾਂ ਦੇਸ਼ ਦੀ ਤਤਕਾਲੀਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਵਾਏ ਜਾਣ ਤੋਂ ਬਾਅਦ ਅਪਣੀ ਸੁਰੱਖਿਆ 'ਤੇ ਖ਼ਤਰੇ ਦਾ ਡਰ ਮਹਿਸੂਸ ਹੋਣ ਲੱਗਿਆ ਸੀ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਡਰ ਮਹਿਸੂਸ ਹੋਣ ਲੱਗ ਗਿਆ ਜਾਪਦਾ ਹੈ। ਦਸ ਦਈਏ ਕਿ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਸਿੱਖ ਸੁਰੱਖਿਆ ਗਾਰਡਾਂ ਨੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ ਸੀ। ਸੁਰੱਖਿਆ ਏਜੰਸੀਆਂ ਨੇ ਅਪਣੀ ਸੁਰੱਖਿਆ ਵਿਚ ਉਸ ਸਮੇਂ ਸਿੱਖਾਂ ਨੂੰ ਰੱਖਣਾ ਇੰਦਰਾ ਗਾਂਧੀ ਦੀ ਵੱਡੀ ਭੁੱਲ ਦਸਿਆ ਸੀ

ਪਰ ਕਿਹਾ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਚੌਕਸ ਹੈ, ਉਹ ਅਜਿਹੀ ਕੋਈ ਵੀ ਭੁੱਲ ਨਹੀਂ ਕਰਨਾ ਚਾਹੁੰਦਾ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕਥਿਤ ਤੌਰ 'ਤੇ ਮਹਿਜ਼ ਹਿੰਦੂ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਇੰਦਰਾ ਗਾਂਧੀ ਵਾਲੀ ਭੁੱਲ ਨਾ ਕੀਤੀ ਜਾਵੇ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਵੱਡਾ ਖ਼ਤਰਾ ਦਸਦੇ ਹੋਏ ਗ੍ਰਹਿ ਮੰਤਰਾਲਾ ਨੇ ਨਵੇਂ ਨਿਯਮ ਜਾਰੀ ਕੀਤੇ ਹਨ। ਸਾਰੇ ਰਾਜਾਂ ਨੂੰ ਭੇਜੇ ਗਏ ਅਲਰਟ ਦੇ ਨਾਲ ਹੀ ਕਿਹਾ ਗਿਆ ਹੈ

ਕਿ ਪ੍ਰਧਾਨ ਮੰਤਰੀ ਮੋਦੀ ਦੀ ਵਿਸ਼ੇਸ਼ ਸੁਰੱਖਿਆ ਵਿਚ ਤਾਇਨਾਤ ਏਜੰਸੀ ਦੀ ਇਜਾਜ਼ਤ ਤੋਂ ਬਿਨਾਂ ਹੁਣ ਮੰਤਰੀ ਅਤੇ ਅਧਿਕਾਰੀ ਵੀ ਉਨ੍ਹਾਂ ਦੇ ਨੇੜੇ ਨਹੀਂ ਜਾ ਸਕਣਗੇ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲੀ ਹੈ ਕਿ ਸੁਰੱਖਿਆ ਏਜੰਸੀਆਂ ਵਲੋਂ ਪੀਐਮ ਮੋਦੀ ਨੂੰ ਸਲਾਹ ਦਿਤੀ ਗਈ ਹੈ ਕਿ ਉਹ ਰੋਡ ਸ਼ੋਅ ਦੇ ਪ੍ਰੋਗਰਾਮ ਵਿਚ ਕਟੌਤੀ ਕਰਨ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਹੀ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਵਲੋਂ ਪ੍ਰਚਾਰ ਦੀ ਕਮਾਨ ਸੰਭਾਲਣਗੇ ਅਤੇ ਉਹੀ ਮੁੱਖ ਚਿਹਰਾ ਹਨ। ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲਾ

ਵਲੋਂ ਸਾਰੇ ਸੂਬਿਆਂ ਦੇ ਡੀਜੀਪੀ ਨੂੰ ਲਿਖੇ ਗਏ ਪੱਤਰ ਵਿਚ ਪੀਐਮ ਮੋਦੀ ਦੇ ਲਈ ਕਿਸੇ ਅਣਪਛਾਤੇ ਖ਼ਤਰੇ ਦੀ ਗੱਲ ਆਖੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਪੀਐਮ ਮੋਦੀ ਦੇ ਨੇੜੇ ਨਾ ਜਾਣ ਦਿਤਾ ਜਾਵੇ। ਇਨ੍ਹਾਂ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਇਥੋਂ ਤਕ ਕਿ ਪੀਐਮ ਮੋਦੀ ਦੀ ਸੁਰੱਖਿਆ ਵਿਚ ਲੱਗੀ ਐਸਪੀਜੀ ਹੁਣ ਮੰਤਰੀਆਂ ਦੀ ਵੀ ਤਲਾਸ਼ੀ ਲੈ ਸਕਦੀ ਹੈ। ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰ੍ਹਾਂ ਆਮ ਜਨਤਾ ਨੂੰ ਮਿਲਣ ਲਈ ਲੋਕਾਂ ਦੇ ਵਿਚਕਾਰ ਚਲੇ ਜਾਂਦੇ ਹਨ, ਇਸ ਨੂੰ ਲੈ ਕੇ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਹੈ।

ਪੀਐਮ ਮੋਦੀ ਨੂੰ ਰੋਡ ਸ਼ੋਅ ਨਾ ਕਰਨ ਦੀ ਸਲਾਹ ਦਿਤੀ ਗਈ ਹੈ। ਉਥੇ ਛੱਤੀਸਗੜ੍ਹ, ਝਾਖੰਡ, ਮੱਧ ਪ੍ਰਦੇਸ਼, ਓਡੀਸ਼ਾ, ਪੱਛਮ ਬੰਗਾਲ ਵਿਚ ਆਉਣ ਵਾਲੀਆਂ ਚੋਣਾਂ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ ਹੈ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਪ੍ਰਧਾਨ ਮੰਤਰੀ ਦੇਸ਼ ਵਿਚਲੀ ਸਾਰੀ ਜਨਤਾ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ, ਦਾ ਨੁਮਾਇੰਦਾ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਭ ਤੋਂ ਪਰੇ ਹਿੰਦੂ ਕੱਟੜਵਾਦ ਦੀ ਸੋਚ ਅਪਣਾ ਰਹੇ ਹਨ। ਮੁਸਲਮਾਨਾਂ ਤੋਂ ਉਨ੍ਹਾਂ ਨੂੰ ਇਸ ਕਦਰ ਨਫ਼ਰਤ ਹੈ

ਕਿ ਉਨ੍ਹਾਂ ਨੇ ਇਕ ਸਮਾਗਮ ਵਿਚ ਮੁਸਲਿਮ ਟੋਪੀ ਪਹਿਨਣ ਤੋਂ ਸਾਫ਼ ਇਨਕਾਰ ਕਰ ਦਿਤਾ ਸੀ ਜਦਕਿ ਉਹ ਹੋਰਨਾਂ ਧਰਮਾਂ ਦੇ ਸਮਾਗਮਾਂ ਵਿਚ ਪੱਗੜੀ ਤੋਂ ਇਲਾਵਾ ਹੋਰ ਪਹਿਰਾਵਾ ਪਹਿਨਦੇ ਰਹੇ ਹਨ। ਹਾਲਾਂਕਿ ਉਸ ਸਮੇਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਿਸੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਲਈ ਅਪਣੇ ਦੇਸ਼ ਜਾਂ ਸੂਬੇ ਦੀ ਜਨਤਾ ਪ੍ਰਤੀ ਅਜਿਹਾ ਪੱਖਪਾਤੀ ਰਵੱਈਆ ਅਪਣਾਉਣਾ ਸਹੀ ਹੈ?