ਮਨੁੱਖਤਾ ਦੀ ਮਿਸਾਲ ਹੈ ਇਹ ਵਿਅਕਤੀ, ਭੀਖ ‘ਚ ਮਿਲੇ ਪੈਸਿਆਂ ਨਾਲ ਕਰ ਰਿਹਾ ਹੈ ਕੋਰੋਨਾ ਪੀੜਤਾਂ ਦੀ ਮਦਦ
ਅਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਵਾਲੇ ਲੋਕਾਂ ਦੀ ਇਸ ਦੁਨੀਆ ਵਿਚ ਕਮੀ ਨਹੀਂ ਹੈ
ਨਵੀਂ ਦਿੱਲੀ: ਅਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਵਾਲੇ ਲੋਕਾਂ ਦੀ ਇਸ ਦੁਨੀਆ ਵਿਚ ਕਮੀ ਨਹੀਂ ਹੈ ਪਰ ਤਮਿਲਨਾਡੂ ਦੇ ਇਕ ਵਿਅਕਤੀ ਨੇ ਅਪਣੀ ਕਮਾਈ ਨਾਲ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਇਸ ਵਿਅਕਤੀ ਦਾ ਨਾਮ ਐੱਮ. ਪੁਲ ਪਾਂਡੀਆਂ ਹੈ, ਜੋ ਭੀਖ ਮੰਗਣ ਵਾਲੇ ਪੈਸਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਦਾਨ ਕਰਦੇ ਆ ਰਹੇ ਹਨ।
ਪਹਿਲਾਂ ਉਹ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਅਪਣੀ ਕਮਾਈ ਦਾਨ ਕਰ ਦਿੰਦੇ ਸੀ ਅਤੇ ਹੁਣ ਜੋ ਕਮਾਉਂਦੇ ਹਨ ਉਹ ਕੋਰੋਨਾ ਪੀੜਤਾਂ ਦੀ ਮਦਦ ਲਈ ਦਾਨ ਕਰ ਦਿੰਦੇ ਹਨ। 64 ਸਾਲ ਦੇ ਇਸ ਵਿਅਕਤੀ ਨੇ ਮਨੁੱਖਤਾ ਦੀ ਸੇਵਾ ਕਰਨ ਦੇ ਮਾਮਲੇ ਵਿਚ ਦੁਨੀਆਂ ਦੇ ਵੱਡੇ-ਵੱਡੇ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਅਪਣਾ ਪੂਰਾ ਜੀਵਨ ਗਰੀਬੀ ਵਿਚ ਬਿਤਾਉਣ ਵਾਲੇ ਇਸ ਵਿਅਕਤੀ ਨੇ ਹੁਣ ਤੱਕ ਛੇਵੀਂ ਵਾਰ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕੀਤਾ ਹੈ। ਉਹਨਾਂ ਦੱਸਿਆ ਕਿ ਜਦੋਂ ਸਕੂਲ ਬੰਦ ਹੋ ਗਏ ਤਾਂ ਇਹਨਾਂ ਸਕੂਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਮਹਾਂਮਾਰੀ ਦੇ ਪੀੜਤਾਂ ਨੂੰ ਇਸ ਪੈਸੇ ਦੀ ਜ਼ਿਆਦਾ ਲੋੜ ਹੈ। ਇਸ ਲਈ ਉਹਨਾਂ ਨੇ ਭੀਖ ਵਿਚ ਇਕੱਠੇ ਕੀਤੇ ਪੈਸਿਆਂ ਨਾਲ ਕੋਰੋਨਾ ਪੀੜਤਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੂਜੇ ਲੋਕਾਂ ਨੂੰ ਖੁਸ਼ ਦੇਖ ਕੇ ਜ਼ਿਆਦਾ ਖੁਸ਼ੀ ਮਿਲਦੀ ਹੈ। ਪੈਸੇ ਕਮਾਉਣ ਲਈ ਕਈ ਬੁਰੇ ਤਰੀਕੇ ਅਪਣਾਉਣ ਵਾਲੇ ਲੋਕਾਂ ਨੂੰ ਇਸ ਵਿਅਕਤੀ ਤੋਂ ਸਬਕ ਲੈਣਾ ਚਾਹੀਦਾ ਹੈ ਜੋ ਭੀਖ ਮੰਗ ਕੇ ਵੀ ਖੁਦ ਲਈ ਖਰਚ ਨਹੀਂ ਕਰਦਾ। ਉਹਨਾਂ ਨੇ ਕਦੀ ਨਹੀਂ ਸੋਚਿਆ ਕਿ ਉਹਨਾਂ ਨੂੰ ਖੁਦ ਵੀ ਇਸ ਪੈਸੇ ਦੀ ਜ਼ਰੂਰਤ ਹੈ।