ਖਰਚਿਆਂ ਵਿਚ ਕਟੌਤੀ ਕਰ ਕੇ ਰਾਸ਼ਟਰਪਤੀ ਨੇ Army Hospital ਨੂੰ ਦਾਨ ਕੀਤੇ 20 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੇ ਸਾਹਮਣੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜੋ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ।

Ram Nath Kovind donates to Army Hospital

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੇ ਸਾਹਮਣੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜੋ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ। ਰਾਸ਼ਟਰਪਤੀ ਨੇ ਅਪਣੇ ਅਤੇ ਰਾਸ਼ਟਰਪਤੀ ਭਵਨ ਦੇ ਹੋਰ ਖਰਚਿਆਂ ਵਿਚ ਕਟੌਤੀ ਕਰ ਕੇ ਜੋ ਪੈਸੇ ਬਚਾਏ ਹਨ, ਉਹਨਾਂ ਨੇ ਉਹ ਆਰਮੀ ਹਸਪਤਾਲ ਨੂੰ ਦਾਨ ਦੇ ਦਿੱਤੇ, ਤਾਂ ਜੋ ਕੋਰੋਨਾ ਮਹਾਂਮਾਰੀ ਖਿਲਾਫ ਜੰਗ ਵਿਚ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਮਦਦ ਮਿਲ ਸਕੇ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਾਰਗਿਲ ਵਿਜੈ ਦਿਵਸ ਮੌਕੇ ‘ਤੇ ਦਿੱਲੀ ਸਥਿਤ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਨੂੰ 20 ਲੱਖ ਰੁਪਏ ਦਾ ਚੈੱਕ ਦਿੱਤਾ। ਰਾਸ਼ਟਰਪਤੀ ਨੇ ਇਹ ਦਾਨ ਹਸਪਤਾਲ ਵਿਚ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਯੋਧਿਆਂ ਦੀ ਮਦਦ ਲਈ ਮੈਡੀਕਲ ਉਪਕਰਣ ਖਰੀਦਣ ਲਈ ਦਿੱਤਾ ਹੈ। ਇਸ ਪੈਸੇ ਦੀ ਮਦਦ ਨਾਲ ਆਰਮੀ ਹਸਪਤਾਲ ਲਈ PAPR ( Powered Air Purifier Respirator ) ਖਰੀਦਿਆ ਜਾਵੇਗਾ।

ਇਸ ਉਪਕਰਣ ਦੀ ਵਰਤੋਂ ਅਪਰੇਸ਼ਨ ਥਿਏਟਰ ਅਤੇ ਹੋਰ ਥਾਵਾਂ ‘ਤੇ ਸਾਫ ਹਵਾ ਦਿੱਤੇ ਜਾਣ ਲਈ ਹੋ ਸਕੇਗੀ। ਇਸ ਦਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਪਣੇ ਅਤੇ ਰਾਸ਼ਟਰਪਤੀ ਭਵਨ ਦੇ ਹੋਰ ਖਰਚਿਆਂ ਵਿਚ ਕਟੌਤੀ ਕਰ ਕੇ ਇਹ ਪੈਸੇ ਇਕੱਠੇ ਕੀਤੇ ਹਨ। ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 14 ਮਈ ਨੂੰ ਅਪਣੇ ਅਤੇ ਰਾਸ਼ਟਰਪਤੀ ਭਵਨ ਦੇ ਖਰਚਿਆਂ ਵਿਚ 20 ਫੀਸਦੀ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ।

ਇਸ ਦੇ ਚਲਦਿਆਂ ਅਜ਼ਾਦੀ ਦਿਵਸ ਅਤੇ ਹੋਰ ਸਮਾਰੋਹਾਂ ਵਿਚ ਰਾਸ਼ਟਰਪਤੀ ਲਈ ਲਿਮੋਜ਼ੀਨ ਕਾਰ ਖਰੀਦਣ ਦੀ ਯੋਜਨਾ ਨੂੰ ਵੀ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਤੋਂ ਇਲਾਵਾ ਸਮਾਰੋਹਾਂ ਵਿਚ ਖਾਣੇ ਅਤੇ ਮਹਿਮਾਨਾਂ ਦੇ ਖਰਚੇ ਅਤੇ ਸਜਾਵਟ ਵਿਚ ਵੀ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਸੀ।