ਉਤਰਾਖੰਡ ਦੇ 25 ਪਿੰਡ ਖਾਲੀ, ਭਾਰੀ ਬਰਫ਼ ‘ਚ ਦੱਬੇ 25 ਪਿੰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਦੀਆਂ ਅਤੇ ਗਰਮੀਆਂ ਵਿਚ ਵੱਖ-ਵੱਖ ਥਾਵਾਂ ਦਾ ਅਪਣਾ ਮਹੱਤਵ ਹੁੰਦਾ ਹੈ।

Photo

ਦੇਹਰਾਦੂਨ: ਸਰਦੀਆਂ ਅਤੇ ਗਰਮੀਆਂ ਵਿਚ ਵੱਖ-ਵੱਖ ਥਾਵਾਂ ਦਾ ਅਪਣਾ ਮਹੱਤਵ ਹੁੰਦਾ ਹੈ। ਪਰ ਚੀਨ ਦੀ ਸਰਹੱਦ ਨਾਲ ਲੱਗਦੇ ਉਤਰਾਖੰਡ ਦੇ ਪਿਥੌਰਗੜ੍ਹ ਜ਼ਿਲ੍ਹੇ ਦੇ 25 ਤੋਂ ਜ਼ਿਆਦਾ ਪਿੰਡਾਂ ਦੇ ਨਿਵਾਸੀਆਂ ਨੇ ਇਸੇ ਤਰਜ ‘ਤੇ ਦੋ-ਦੋ ਘਰ ਬਣਾ ਕੇ ਰੱਖੇ ਹਨ। ਇਕ ਸਰਦੀਆਂ ਲਈ ਅਤੇ ਦੂਜਾ ਗਰਮੀਆਂ ਲਈ। ਗਰਮੀਆਂ ਵਾਲੇ ਘਰ ਕੈਲਾਸ਼ ਮਾਨਸਰੋਵਰ ਦੇ ਰਸਤੇ ਵਿਚ ਪੈਣ ਵਾਲੀ ਬਿਆਸ ਘਾਟੀ ਦੇ ਨਾਲ ਹੀ ਜੋਹਰ ਅਤੇ ਧਰਮਾ ਪਹਾੜੀਆਂ ‘ਤੇ ਹਨ।

ਉੱਥੇ ਹੀ ਸਰਦੀਆਂ ਵਾਲੇ ਘਰ ਇੱਥੋਂ 100-150 ਕਿਲੋਮੀਟਰ ਦੂਰ ਹੇਠਲੇ ਇਲਾਕਿਆਂ ਵਿਚ ਧਾਰਚੂਲਾ, ਜੌਲਜੀਬੀ, ਡਿਡਿਹਾਟ ਅਤੇ ਥਰ ਵਿਚ ਹਨ। ਉੱਪਰੀ ਇਲਾਕਿਆਂ ਵਿਚ ਨਵੰਬਰ ਤੋਂ ਕਾਫੀ ਬਰਫਬਾਰੀ ਜਾਰੀ ਹੈ। 5 ਤੋਂ 6 ਫੁੱਟ ਤੱਕ ਬਰਫ ਵਿਚ ਢਕੇ ਇਹ ਪਿੰਡ ਖਾਲੀ ਹੋ ਚੁੱਕੇ ਹਨ। ਇੱਥੋਂ ਦੇ 20 ਹਜ਼ਾਰ ਤੋਂ ਜ਼ਿਆਦਾ ਨਿਵਾਸੀ ਅਕਤੂਬਰ ਵਿਚ ਹੀ ਅਪਣੇ ਪਸ਼ੂਆਂ ਦੇ ਨਾਲ ਹੇਠਲੇ ਇਲਾਕਿਆਂ ਵਿਚ ਜਾ ਚੁੱਕੇ ਹਨ।

ਜਾਣ ਤੋਂ ਪਹਿਲਾਂ ਇਹ ਲੋਕ ਖੇਤਾਂ ਵਿਚ ਖਾਦ ਪਾਉਂਦੇ ਹਨ ਅਤੇ ਘਰਾਂ ਦੇ ਦਰਵਾਜ਼ੇ ਪਾਲੀਥੀਨ ਨਾਲ ਪੈਕ ਕਰ ਦਿੰਦੇ ਹਨ। ਇਹਨਾਂ ਇਲਾਕਿਆਂ ਵਿਚ ਜੌਂ, ਮਟਰ, ਰਾਜਮਾਂਹ ਆਦਿ ਦੀ ਖੇਤੀ ਹੁੰਦੀ ਹੈ। ਹੇਠਲੇ ਇਲਾਕਿਆਂ ਵਿਚ ਉਹਨਾਂ ਨੇ ਅਪਣੀ ਪਛਾਣ ਵਾਲਿਆਂ ਦੇ ਨੇੜੇ ਘਰ ਬਣਾ ਕੇ ਰੱਖੇ ਹਨ। ਪ੍ਰਵਾਸ ਦੌਰਾਨ ਇਹ ਲੋਕ ਅਸਥਾਈ ਤੌਰ ‘ਤੇ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ ਹਨ।

ਕਿਉਂਕਿ ਇਹ ਲੋਕ ਹਰ ਸਾਲ ਆਉਂਦੇ ਹਨ ਤਾਂ ਇਹਨਾਂ ਨੂੰ ਕੰਮ ਅਸਾਨੀ ਨਾਲ ਮਿਲ ਜਾਂਦਾ ਹੈ। ਇਹਨਾਂ ਲੋਕਾਂ ਦੇ ਮਾਈਗ੍ਰੇਟ ਹੋਣ ਨਾਲ ਚਾਰਾਂ ਕਸਬਿਆਂ ਵਿਚ ਅਬਾਦੀ ਵੀ ਵਧ ਜਾਂਦੀ ਹੈ। ਕਰਿਆਨੇ ਦੀਆਂ ਦੁਕਾਨਾਂ ਵਾਲੇ ਦੱਸਦੇ ਹਨ ਕਿ ਮਾਈਗ੍ਰੇਸ਼ਨ ਕਾਰਨ ਔਸਤਨ 10 ਤੋਂ 15 ਫੀਸਦੀ ਵਿਕਰੀ ਜ਼ਿਆਦਾ ਰਹਿੰਦੀ ਹੈ। ਇਹਨਾਂ ਲੋਕਾਂ ਨੂੰ ਉੱਪਰੀ ਜਾਂ ਹੇਠਲੇ ਇਲਾਕਿਆਂ ਵਿਚ ਵੋਟਿੰਗ ਦੀ ਸਹੂਲਤ ਵੀ ਮਿਲਦੀ ਹੈ। ਬੱਚਿਆਂ ਦੀ ਪੜ੍ਹਾਈ ਵੀ ਦੋ ਹਿੱਸਿਆਂ ਵਿਚ ਹੁੰਦੀ ਹੈ।