ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਕੀਤਾ ਲਾਲ ਕਿਲ੍ਹੇ ਦਾ ਦੌਰਾ
ਕੇਂਦਰੀ ਮੰਤਰੀ ਨੇ ਬੀਤੇ ਦਿਨ ਹੋਈ ਘਟਨਾ ਦੀ ਸਥਿਤੀ ਦਾ ਲਿਆ ਜਾਇਜ਼ਾ
ਨਵੀਂ ਦਿੱਲੀ: ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿਖੇ ਬੀਤੇ ਦਿਨ ਹੋਈ ਘਟਨਾ ਤੋਂ ਬਾਅਦ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਦਾ ਲਾਲ ਕਿਲ੍ਹੇ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਘਟਨਾ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਲਾਲ ਕਿਲ੍ਹੇ ਦੀ ਨਿਗਰਾਨੀ ਕਰਨ ਵਾਲੇ ਏਐਸਆਈ ਦੇ ਮੈਂਬਰ ਵੀ ਮੌਜੂਦ ਸਨ।
ਦੱਸ ਦਈਏ ਕਿ ਬੀਤੇ ਦਿਨ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਤੋਂ ਬਾਅਦ ਕੇਂਦਰੀ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਦੁੱਖ ਜ਼ਾਹਿਰ ਕੀਤਾ ਸੀ। ਉਹਨਾਂ ਨੇ ਟਵੀਟ ਕਰਕੇ ਇਸ ਘਟਨਾ ਨੂੰ ਦੁਖਦ ਅਤੇ ਮੰਦਭਾਗਾ ਦੱਸਿਆ। ਉਹਨਾਂ ਨੇ ਇਸ ਘਟਨਾ ਨੂੰ ਲੋਕਤੰਤਰ ਦੀ ਮਰਿਆਯਾ ਦੀ ਉਲੰਘਣਾ ਦੱਸਦਿਆਂ ਸਖਤ ਨਿੰਦਾ ਕੀਤੀ।
ਉਹਨਾਂ ਨੇ ਲਿਖਿਆ, ‘ਲਾਲ ਕਿਲ੍ਹਾ ਸਾਡੇ ਲੋਕਤੰਤਰ ਦੀ ਮਰਿਯਾਦਾ ਦਾ ਪ੍ਰਤੀਕ ਹੈ। ਪ੍ਰਦਰਸ਼ਨਕਾਰੀਆਂ ਨੂੰ ਲਾਲ ਕਿਲ੍ਹੇ ਤੋਂ ਦੂਰ ਰਹਿਣਾ ਚਾਹੀਦਾ ਸੀ। ਇਸ ਦੀ ਮਰਿਯਾਦਾ ਦੀ ਉਲੰਘਣਾ ਦੀ ਮੈਂ ਨਿੰਦਾ ਕਰਦਾ ਹੈਂ। ਇਹ ਬੇਹੱਦ ਦੁਖਦ ਤੇ ਮੰਦਭਾਗਾ ਹੈ’।
ਇਸ ਤੋਂ ਇਲਾਵਾ ਲਾਲ ਕਿਲ੍ਹੇ ‘ਤੇ ਹੋਈ ਭੰਨਤੋੜ ਦੀਆਂ ਵੀ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨ ਹੋਈ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕਈ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਦਿੱਲੀ ਪੁਲਿਸ ਕਮਿਸ਼ਨਰ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਗਈ।ਇਸ ਦੌਰਾਨ ਅੱਜ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ਵਿਚ ਦਿੱਲੀ ਪੁਲਿਸ ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਜਾਵੇਗੀ।