ਸ਼ਾਂਤੀ ਸੰਮੇਲਨ ਵਿਚ ਬੋਲੇ ਕਪਿਲ ਸਿੱਬਲ- ਕਾਂਗਰਸ ਸਾਨੂੰ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਹਾਲਾਤ ’ਤੇ ਖੁੱਲ੍ਹ ਕੇ ਬੋਲੇ ਕਪਿਲ ਸਿੱਬਲ

Congress leader Kapil Sibal at Shanti Sammelan

ਜੰਮੂ: ਜੰਮੂ-ਕਸ਼ਮੀਰ ਵਿਚ ਆਯੋਜਤ ਕੀਤੇ ਗਏ  ਸ਼ਾਂਤੀ ਸੰਮੇਲਨ ਵਿਚ ਪਹੁੰਚੇ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹਾ ਕਿ ਕਾਂਗਰਸ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਪਾਰਟੀ ਦੇ ਹਾਲਾਤ ’ਤੇ ਚਿੰਤਾ ਜ਼ਾਹਰ ਕੀਤੀ।

ਉਹਨਾਂ ਕਿਹਾ ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਸਾਨੂੰ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਇਸ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ। ਅਸੀਂ ਇਕੱਠੇ ਹੋ ਕੇ ਪਾਰਟੀ ਨੂੰ ਮਜਬੂਤ ਕਰਨਾ ਹੈ। ਉਹਨਾਂ ਕਿਹਾ ਗਾਂਧੀ ਜੀ ਸੱਚਾਈ ਦੇ ਰਸਤੇ ’ਤੇ ਚਲਦੇ ਸੀ ਪਰ ਇਹ ਸਰਕਾਰ ਝੂਠ ਦੇ ਰਸਤੇ ’ਤੇ ਚੱਲ ਰਹੀ ਹੈ।

ਹਾਲ ਹੀ ਵਿਚ ਰਾਜ ਸਭਾ ਤੋਂ ਸੇਵਾਮੁਕਤ ਹੋਏ ਕਾਂਗਰਸ ਨੇਤਾ ਗੁਲਾਬ ਨਬੀ ਆਜ਼ਾਦ ਬਾਰੇ ਬੋਲਦਿਆਂ ਸਿੱਬਲ ਨੇ ਕਿਹਾ ਕਿ ਉਹਨਾਂ ਨੂੰ ਉਸ ਇੰਜੀਨੀਅਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਜੋ ਜਹਾਜ਼ ਉਡਾਉਣ ਦੇ ਨਾਲ ਹੀ ਖ਼ਰਾਬੀ ਦਾ ਪਤਾ ਲਗਾਉਣ ਅਤੇ ਉਸ ਦੀ ਮੁਰੰਮਤ ਕਰਨ ਵਿਚ ਸਾਥ ਦਿੰਦਾ ਹੈ।

ਉਹਨਾਂ ਕਿਹਾ ਆਜ਼ਾਦ ਅਜਿਹੇ ਨੇਤਾ ਹਨ ਜੋ ਹਰ ਸੂਬੇ ਦੇ ਹਰ ਜ਼ਿਲ੍ਹੇ ਵਿਚ ਕਾਂਗਰਸ ਦੀ ਜ਼ਮੀਨੀ ਹਕੀਕਤ ਜਾਣਦੇ ਹਨ। ਉਹਨਾਂ ਨੇ ਆਜ਼ਾਦ ਨੂੰ ਦੁਬਾਰਾ ਰਾਜ ਸਭਾ ਵਿਚ ਨਾ ਭੇਜੇ ਜਾਣ ਦੇ ਫੈਸਲੇ ‘ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਮੈਨੂੰ ਸਮਝ ਨਹੀਂ ਆ ਰਹੀ ਕਿ ਕਾਂਗਰਸ ਉਹਨਾਂ ਦੇ ਤਜ਼ੁਰਬੇ ਦੀ ਵਰਤੋਂ ਕਿਉਂ ਨਹੀਂ ਕਰ ਰਹੀ?

ਇਸ ਤੋਂ ਇਲਾਵਾ ਸ਼ਾਂਤੀ ਸੰਮੇਲਨ ਵਿਚ ਕਾਂਗਰਸ ਨੇਤਾ ਰਾਜ ਬੱਬਰ ਨੇ ਕਿਹਾ ਕਿ ਲੋਕ ਕਹਿੰਦੇ ਹਨ ਜੀ-23 ਪਰ ਮੇਰਾ ਮੰਨਣਾ ਹੈ ਕਿ ਇਹ ਗਾਂਧੀ-23 ਹੈ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਸ਼ਵਾਸ, ਸੰਕਲਪ ਅਤੇ ਸੋਚ ਦੇ ਨਾਲ ਹੀ ਇਸ ਦੇਸ਼ ਦਾ ਕਾਨੂੰਨ ਅਤੇ ਸੰਵਿਧਾਨ ਬਣਿਆ ਹੈ। ਇਸ ਸੋਚ ਨੂੰ ਅੱਗੇ ਵਧਾਉਣ ਲਈ ਕਾਂਗਰਸ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੈ।