ਰਾਹਤ ਦੀ ਖ਼ਬਰ, 28 ਦਿਨ ਤੋਂ 16 ਜ਼ਿਲ੍ਹਿਆਂ ‘ਚ ਨਹੀਂ ਆਇਆ ਇਕ ਵੀ ਕਰੋਨਾ ਕੇਸ
ਪਿਛਲੇ 24 ਘੰਟੇ ਵਿਚ ਕਰੋਨਾ ਦੇ 1396 ਨਵੇ ਕੇਸ ਦਰਜ਼ ਹੋਏ ਹਨ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਭਾਵੇਂ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਵਿਚ ਕਰੋਨਾ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕੁਝ ਅਜਿਹੇ ਵੀ ਜ਼ਿਲ੍ਹੇ ਹਨ ਜਿਥੇ ਪਿਛਲੇ 28 ਦਿਨਾਂ ਤੋਂ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਤਿੰਨ ਜ਼ਿਲੇ ਅਜਿਹੇ ਵੀ ਹਨ ਜਿੱਥੇ ਹੁਣ ਤੱਕ ਕਰੋਨਾ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ।
ਜਾਣਕਾਰੀ ਦਿੰਦਿਆ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਲੌਕਡਾਊਨ ਦੇ ਦੌਰਾਨ ਹੀ 80 ਫੀਸਦੀ ਮੰਡੀਆਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਰੋਨਾ ਦੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ 28 ਦਿਨਾਂ ਤੋਂ 16 ਜ਼ਿਲ੍ਹੇ ਅਜਿਹੇ ਹਨ ਜਿੱਥੇ ਕਰੋਨਾ ਦਾ ਇਕ ਵੀ ਪੌਜਟਿਵ ਮਰੀਜ਼ ਸਾਹਮਣੇ ਨਹੀਂ ਆਇਆ।
ਇਸ ਤੋਂ ਇਲਾਵਾ 85 ਦੇ ਕਰੀਬ ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 14 ਦਿਨ ਤੋਂ ਕਰੋਨਾ ਦਾ ਕੋਈ ਕੇਸ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਸਹਿਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਹੋਲੀ-ਹੋਲੀ ਕਰੋਨਾ ਦੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ। ਹੁਣ ਇਹ ਰਿਕਵਰੀ ਰੇਟ ਵੱਧ ਕੇ 22.71 ਤੱਕ ਪਹੁੰਚ ਚੁੱਕਾ ਹੈ।
ਮੰਤਰਾਲੇ ਦੁਆਰਾ ਮਿਲੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਹੁਣ ਤੱਕ ਦੇਸ਼ ਵਿਚ ਕਰੋਨਾ ਦੇ 27,892 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਐਕਟਿਵ ਮਾਮਲੇ 20,835 ਹਨ। ਇਸ ਤੋਂ ਇਲਾਵਾ 6,189 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟੇ ਵਿਚ ਕਰੋਨਾ ਦੇ 1396 ਨਵੇ ਕੇਸ ਦਰਜ਼ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।