ਕਿਸੇ ਦੇ ਪਿਉ ’ਚ ਦਮ ਨਹੀਂ ਜੋ ਮੈਨੂੰ ਗ੍ਰਿਫ਼ਤਾਰ ਕਰ ਸਕੇ : ਰਾਮਦੇਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਲੋਪੈਥੀ ਅਤੇ ਡਾਕਟਰਾਂ ’ਤੇ ਦਿਤੇ ਵਿਵਾਦਤ ਬਿਆਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 

Nobody’s dad can arrest me: Ramdev

ਨਵੀਂ ਦਿੱਲੀ: ਐਲੋਪੈਥੀ ਅਤੇ ਡਾਕਟਰਾਂ ’ਤੇ ਦਿਤੇ ਵਿਵਾਦਤ ਬਿਆਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ, ਬਾਬਾ ਰਾਮਦੇਵ ਨੇ ਹੁਣ ਇਕ ਹੋਰ ਵੱਡਾ ਬਿਆਨ ਦਿਤਾ ਹੈ। ਉੇਨ੍ਹਾਂ ਕਿਹਾ ਹੈ ਕਿ ਕਿਸੇ ਦਾ ਪਿਉ ਵੀ ਰਾਮਦੇਵ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ। ਸੋਸ਼ਲ ਮੀਡੀਆ ’ਤੇ ਇਸ ਵਿਵਾਦ ਕਾਰਨ ਬੁਧਵਾਰ ਨੂੰ ‘ਗ੍ਰਿਫ਼ਤਾਰ ਬਾਬਾ ਰਾਮਦੇਵ’ ਚਲ ਰਿਹਾ ਸੀ।

ਇਸ ਦੇ ਜਵਾਬ ਵਿਚ ਰਾਮਦੇਵ ਨੇ ਇਹ ਟਿਪਣੀ ਕੀਤੀ। ਇਸ ਦੌਰਾਨ, ਉਸ ਨੇ ਆਈਐਮਏ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਉ ਵੀ ਨਹੀਂ ਕਰ ਸਕਦਾ ਬਾਬਾ ਰਾਮਦੇਵ ਨੂੰ, ਪਰ ਉਹ ਇਕ ਸ਼ੋਰ ਮਚਾ ਰਹੇ ਹਨ ਕਿ ‘ਕਵਿੱਕ ਅਰੈਸਟ ਸਵਾਮੀ ਰਾਮਦੇਵ’। ਉਸ ਨੇ ਅੱਗੇ ਕਿਹਾ ਕਿ ਉਹ ਕਦੇ ਕੁੱਝ ਚਲਾਉਂਦੇ ਹਨ, ਕਦੇ ਕੁੱਝ ਚਲਾਉਂਦੇ ਹਨ। ਕਦੇ ਠੱਗ ਰਾਮਦੇਵ, ਕਦੇ ਮਹਾਠਗ ਰਾਮਦੇਵ।

ਵਿਅੰਕ ਕੱਸਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਟ੍ਰੈਂਡ ਚਲਾਉਂਦੇ ਰਹਿੰਦੇ ਹਨ। ਇਸ ਦੌਰਾਨ, ਰਾਮਦੇਵ ਨੇ ਤਾੜੀਆਂ ਮਾਰੀਆਂ ਅਤੇ ਹੱਸਦੇ ਹੋਏ ਕਿਹਾ ਕਿ ਤੁਸੀਂ ਟ੍ਰੇਂਡ ਵਿਚ ਹਮੇਸ਼ਾਂ ਹੀ ਚੋਟੀ ’ਤੇ ਪਹੁੰਚ ਜਾਂਦੇ ਹੋ, ਇਸ ਲਈ ਵਧਾਈਆਂ।  ਦਰਅਸਲ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਿਆ ਹੈ।

ਨੋਟਿਸ ਵਿਚ ਰਾਮਦੇਵ ਨੂੰ ਅਗਲੇ 15 ਦਿਨਾਂ ਵਿਚ ਮੁਆਫ਼ੀ  ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਕੋਲੋਂ ਇਕ ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਆਈਐਮਏ (ਉਤਰਾਖੰਡ) ਦੇ ਸਕੱਤਰ ਅਜੈ ਖੰਨਾ ਨੇ ਅਪਣੇ ਵਕੀਲ ਨੀਰਜ ਪਾਂਡੇ ਜ਼ਰੀਏ ਛੇ ਪੰਨਿਆਂ ਦਾ ਨੋਟਿਸ ਰਾਮਦੇਵ ਨੂੰ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰਾਮਦੇਵ ਦੀਆਂ ਟਿੱਪਣੀਆਂ ਨੇ ਐਲੋਪੈਥੀ ਅਤੇ ਆਈਐਮਏ ਨਾਲ ਜੁੜੇ 2000 ਤੋਂ ਜ਼ਿਆਦਾ ਡਾਕਟਰਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਮਦੇਵ ਨੇ ਬਿਆਨ ਦਿੱਤਾ ਸੀ ਕਿ ਐਲੋਪੈਥਿਕ ਦਵਾਈਆਂ ਖਾਣ ਨਾਲ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਨੇ ਐਲੋਪੈਥੀ ਨੂੰ ‘ਬਕਵਾਸ’ ਅਤੇ ‘ਦੀਵਾਲੀਆ ਸਾਇੰਸ’ ਕਿਹਾ ਸੀ। ਇਸ ’ਤੇ ਵਿਵਾਦ ਵਧਣ ’ਤੇ ਸਿਹਤ ਮੰਤਰੀ ਦੇ ਇਤਰਾਜ਼ ਤੋਂ ਬਾਅਦ ਉਹਨਾਂ ਨੇ ਅਪਣਾ ਬਿਆਨ ਵਾਪਸ ਲੈ ਲਿਆ ਸੀ।