ਸਿੱਖ ਕਤਲੇਆਮ ਮਗਰੋਂ ਅਸੀਂ ਕਈ ਕਦਮ ਚੁੱਕੇ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1984 ਦੇ ਸਿੱਖ ਕਤਲੇਆਮ ਵਿਚ ਕਾਂਗਰਸ ਦੀ ਸ਼ਮੂਲੀਅਤ ਨਾ ਹੋਣ ਦੇ ਰਾਹੁਲ ਦੇ ਬਿਆਨ ਮਗਰੋਂ ਘਿਰੀ ਕਾਂਗਰਸ ਨੇ ਬਿਆਨ ਜਾਰੀ ਕਰ ਕੇ ਦਸਿਆ...............

Abhishek Singhvi

ਨਵੀਂ ਦਿੱਲੀ : 1984 ਦੇ ਸਿੱਖ ਕਤਲੇਆਮ ਵਿਚ ਕਾਂਗਰਸ ਦੀ ਸ਼ਮੂਲੀਅਤ ਨਾ ਹੋਣ ਦੇ ਰਾਹੁਲ ਦੇ ਬਿਆਨ ਮਗਰੋਂ ਘਿਰੀ ਕਾਂਗਰਸ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਇਸ ਨੇ 1984 ਦੇ ਕਤਲੇਆਮ ਮਗਰੋਂ ਕਿਹੜੇ-ਕਿਹੜੇ ਕਦਮ ਚੁੱਕੇ। ਪਾਰਟੀ ਨੇ ਇਹ ਵੀ ਕਿਹਾ ਕਿ ਵਿਰੋਧੀਆਂ ਨੂੰ ਇਨ੍ਹਾਂ ਦੁਖਦਾਈ ਘਟਨਾਵਾਂ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਛਿਆ ਕਿ ਉਨ੍ਹਾਂ ਦੀ ਭਾਈਵਾਲ ਭਾਜਪਾ ਨੇ ਗੁਜਰਾਤ ਦੇ ਦੰਗਿਆਂ ਮਗਰੋਂ ਕਿਹੜੇ ਕਦਮ ਚੁੱਕੇ? ਉਨ੍ਹਾਂ ਕਿਹਾ, 'ਕਾਂਗਰਸ ਪਾਰਟੀ ਨੇ ਹਜ਼ਾਰਾਂ ਵਾਰ ਉਸ ਦੁਖਦਾਈ ਘਟਨਾਕ੍ਰਮ ਦੀ ਨਿਖੇਧੀ ਕੀਤੀ ਹੈ

ਅਤੇ ਇਸ ਨੂੰ ਸੱਭ ਤੋਂ ਮੰਦਭਾਗੀ ਘਟਨਾ ਦਸਿਆ ਹੈ। ਕਾਂਗਰਸ ਨੇ ਇਸ ਘਟਨਾਕ੍ਰਮ ਦੀ ਕਦੇ ਵੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਮਾਇਤ ਨਹੀਂ ਕੀਤੀ। ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਇਸ ਘਟਨਾਕ੍ਰਮ ਲਈ ਮੁਆਫ਼ੀ ਵੀ ਮੰਗੀ ਸੀ। 'ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਇਸ ਘਟਨਾਕ੍ਰਮ ਨਾਲ ਕਥਿਤ ਸਾਂਝ ਕਾਰਨ ਅਪਣੇ ਸਿਆਸੀ ਕਰੀਅਰ ਵਿਚ ਭਾਰੀ ਨੁਕਸਾਨ ਝਲਣਾ ਪਿਆ ਹੈ। ਕਈਆਂ ਨੂੰ ਅਪਰਾਧਕ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਕੁਝ ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਤੇ ਕੁੱਝ ਕੇਸ ਲਟਕ ਰਹੇ ਹਨ ਪਰ ਕਾਂਗਰਸ ਨੇ ਇਸ ਮਾਮਲੇ ਵਿਚ ਕਦੇ ਵੀ ਦਖ਼ਲ ਨਹੀਂ ਦਿਤਾ। (ਪੀਟੀਆਈ)