ਵਿਭਾਗੀ ਜਾਂਚ 'ਚ ਡਾ. ਕਫ਼ੀਲ ਖ਼ਾਨ ਬੇਗੁਨਾਹ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 60 ਬੱਚਿਆਂ ਦੀ ਮੌਤ ਦਾ ਮਾਮਲਾ

Dr. Kafeel Khan’s Name Cleared in Gorakhpur Medical College Tragedy

ਨਵੀਂ ਦਿੱਲੀ : ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ ਹਸਪਤਾਲ ਦੇ ਮੁਅੱਤਲ ਬਾਲ ਰੋਗ ਮਾਹਰ ਡਾ. ਕਫ਼ੀਲ ਖ਼ਾਨ ਵਿਭਾਗੀ ਜਾਂਚ 'ਚ ਬੇਗੁਨਾਹ ਪਾਏ ਗਏ ਹਨ। ਬੀ.ਆਰ.ਡੀ. ਮੈਡੀਕਲ ਕਾਲਜ ਹਸਪਤਾਲ 'ਚ 10 ਅਗਸਤ 2017 ਨੂੰ ਆਕਸੀਜਨ ਦੀ ਕਮੀ ਕਾਰਨ 60 ਬੱਚਿਆਂ ਦੀ ਮੌਤ ਹੋ ਗਈ ਸੀ। ਡਾ. ਕਫ਼ੀਲ ਨੂੰ ਲਾਪਰਵਾਹੀ, ਭ੍ਰਿਸ਼ਟਾਚਾਰ ਅਤੇ ਸਹੀ ਤਰੀਕੇ ਨਾਲ ਕੰਮ ਨਾ ਕਰਨ ਦੇ ਦੋਸ਼ 'ਚ ਮੁਅੱਤਲ ਕੀਤਾ ਗਿਆ ਸੀ। ਪਰ ਹੁਣ ਵਿਭਾਗੀ ਜਾਂਚ ਰਿਪੋਰਟ 'ਚ ਡਾ. ਕਫ਼ੀਲ ਨੂੰ ਸਾਰੇ ਦੋਸ਼ਾਂ ਤੋਂ ਬੇਗੁਨਾਹ ਕਰਾਰ ਦਿੱਤਾ ਗਿਆ ਹੈ। 

ਇਸ ਤੋਂ ਪਹਿਲਾਂ ਡਾ. ਕਫ਼ੀਲ ਖ਼ਾਨ ਇਨ੍ਹਾਂ ਦੋਸ਼ਾਂ 'ਚ 9 ਮਹੀਨੇ ਜੇਲ ਦੀ ਸਜ਼ਾ ਕੱਟ ਚੁੱਕੇ ਹਨ। ਉਹ ਲਗਭਗ 2 ਸਾਲ ਬਾਅਦ ਇਨ੍ਹਾਂ ਦੋਸ਼ਾਂ ਤੋਂ ਆਜ਼ਾਦ ਹੋਏ ਹਨ। ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਡਾ. ਕਫ਼ੀਲ ਲਗਾਤਾਰ ਮੁਅੱਤਲ ਰਹੇ। ਉਨ੍ਹਾਂ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ। ਲਾਪਰਵਾਹੀ ਦੇ ਦੋਸ਼ਾਂ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਡਾ. ਕਫ਼ੀਲ ਦੀ ਲਾਪਰਵਾਹੀ ਦਾ ਕੋਈ ਸਬੂਤ ਨਹੀਂ ਮਿਲਿਆ। ਇਸੇ ਆਧਾਰ 'ਤੇ ਜਾਂਚ ਅਧਿਕਾਰੀਆਂ ਨੇ 18 ਅਪ੍ਰੈਲ 2019 ਨੂੰ ਯੂਪੀ ਸਰਕਾਰ ਨੂੰ ਰਿਪੋਰਟ ਭੇਜ ਕੇ ਡਾ. ਕਫ਼ੀਲ ਨੂੰ ਬੇਗੁਨਾਹ ਦੱਸਿਆ ਸੀ। ਹਾਲਾਂਕਿ ਰਿਪੋਰਟ ਨੂੰ 4 ਮਹੀਨੇ ਤੋਂ ਵੱਧ ਸਮੇਂ ਤਕ ਦਬਾ ਕੇ ਰੱਖਿਆ ਗਿਆ।

ਜਾਂਚ ਰਿਪੋਰਟ ਮੁਤਾਬਕ ਡਾ. ਕਫ਼ੀਲ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਆਕਸੀਜਨ ਦੀ ਕਮੀ ਬਾਰੇ ਪਹਿਲਾਂ ਹੀ ਦੱਸ ਚੁੱਕੇ ਸਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਉਦੋਂ ਡਾ. ਕਫ਼ੀਲ ਬੀ.ਆਰ.ਡੀ. 'ਚ ਇੰਸੇਫੇਲਾਈਟਿਸ ਵਾਰਡ ਦੇ ਨੋਡਲ ਮੈਡੀਕਲ ਅਫ਼ਸਰ ਇੰਚਾਰਜ ਨਹੀਂ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 10-11 ਅਗਸਤ 2017 ਦੀ ਰਾਤ ਨੂੰ ਡਾ. ਕਫ਼ੀਲ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸਨ। ਡਾ. ਕਫ਼ੀਲ ਨੇ ਆਪਣੇ ਪੱਧਰ 'ਤੇ 7 ਆਕਸੀਜਨ ਸਿਲੰਡਰਾਂ ਦਾ ਵੀ ਪ੍ਰਬੰਧ ਕਰਵਾਇਆ ਸੀ।

ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਬੀ.ਆਰ.ਡੀ. ਮੈਡੀਕਲ ਕਾਲਜ ਹਸਪਤਾਲ 'ਚ 10 ਤੋਂ 12 ਅਗਸਤ ਵਿਚਕਾਰ 100 ਬੈਡਾਂ ਵਾਲੇ ਵਾਰਡ 'ਚ ਲਗਭਗ 60 ਬੱਚਿਆਂ ਦੀ ਮੌਤ ਹੋ ਗਈ ਸੀ। ਜਾਂਚ 'ਚ ਪਾਇਆ ਗਿਆ ਸੀ ਕਿ ਆਕਸੀਜਨ ਦੀ ਮਾਤਰਾ ਲਗਭਗ ਖ਼ਤਮ ਦੇ ਬਰਾਬਰ ਸੀ ਅਤੇ ਇਸੇ ਕਾਰਨ ਇੰਨਾ ਵੱਡਾ ਹਾਸਦਾ ਵਾਪਰਿਆ ਸੀ।

ਦੋ ਸਾਲ 'ਚ ਮੇਰਾ ਪਰਵਾਰ 100-100 ਰੁਪਏ ਲਈ ਮੋਹਤਾਜ਼ ਹੋ ਗਿਆ :
ਕਲੀਨ ਚਿੱਟ ਮਿਲਣ ਮਗਰੋਂ ਡਾ. ਕਫ਼ੀਲ ਨੇ ਕਿਹਾ, "ਮੈਂ ਖ਼ੁਸ਼ ਹਾਂ ਕਿ ਮੈਨੂੰ ਸਰਕਾਰ ਤੋਂ ਕਲੀਨ ਚਿੱਟ ਮਿਲ ਗਈ ਹੈ ਪਰ ਮੇਰੇ ਢਾਈ ਸਾਲ ਵਾਪਸ ਨਹੀਂ ਆ ਸਕਦੇ। ਅਗਸਤ 2017 'ਚ ਗੋਰਖਪੁਰ 'ਚ ਲਿਕਵਿਡ ਆਕਸੀਜਨ ਕਮੀ ਕਾਰਨ 60 ਬੱਚਿਆਂ ਦੀ ਮੌਤ ਹੋਈ ਸੀ। ਮੈਂ ਬਾਹਰ ਤੋਂ ਆਕਸੀਜਨ ਸਿਲੰਡਰ ਮੰਗਵਾ ਕੇ ਬੱਚਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਦੇ ਵੱਡੇ ਅਧਿਕਾਰੀਆਂ ਅਤੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੂੰ ਬਚਾਉਣ ਲਈ ਮੈਨੂੰ ਫਸਾਇਆ ਗਿਆ। ਮੈਂ 9 ਮਹੀਨੇ ਜੇਲ 'ਚ ਬਿਤਾਏ, ਜਿਥੇ ਮੈਨੂੰ ਪਖਾਨੇ 'ਚ ਬੰਦ ਕਰ ਦਿੱਤਾ ਜਾਂਦਾ ਸੀ। ਜਦੋਂ ਮੈਂ ਜੇਲ ਤੋਂ ਵਾਪਸ ਆਇਆ ਤਾਂ ਮੇਰੀ ਛੋਟੀ ਬੇਟੀ ਨੇ ਮੈਨੂੰ ਪਛਾਣਿਆ ਤਕ ਨਹੀਂ। ਮੇਰਾ ਪਰਵਾਰ 100-100 ਰੁਪਏ ਲਈ ਮੋਹਤਾਜ਼ ਹੋ ਗਿਆ ਸੀ। ਮੇਰੇ ਭਰਾ 'ਤੇ ਹਮਲਾ ਕਰਵਾਇਆ ਗਿਆ। ਮੈਂ ਚਾਹੁੰਦਾ ਹਾਂ ਕਿ ਜਿਹੜੇ 60 ਬੱਚੇ ਮਰੇ, ਉਨ੍ਹਾਂ ਨੂੰ ਇਨਸਾਫ਼ ਮਿਲੇ।"

Related Stories