ਖੇਤੀ ਬਿਲਾਂ ‘ਤੇ ਭਾਰੀ ਵਿਰੋਧ ਦੇ ਬਾਵਜੂਦ ਡਟੇ PM ਮੋਦੀ ਫਿਰ ਗਿਣਾਏ ਖੇਤੀ ਬਿਲਾਂ ਦੇ ਫਾਇਦੇ
‘ਮਨ ਕੀ ਬਾਤ’ ਦੌਰਾਨ ਬੋਲੇ ਮੋਦੀ- ਕਿਸਾਨ ਆਤਮ ਨਿਰਭਰ ਭਾਰਤ ਦੀ ਨੀਂਹ
ਨਵੀਂ ਦਿੱਲੀ: ਅਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਕਿਸਾਨਾਂ ਦੇ ਯੋਗਦਾਨ ਬਾਰੇ ਜ਼ਿਕਰ ਕੀਤਾ ਅਤੇ ਉਹਨਾਂ ਦੇ ਕਈ ਕਿੱਸੇ ਸੁਣਾਏ। ਉਹਨਾਂ ਕਿਹਾ ਕੋਰੋਨਾ ਦੀ ਮੁਸ਼ਕਿਲ ਘੜੀ ਵਿਚ ਵੀ ਖੇਤੀਬਾੜੀ ਖੇਤਰ ਵਿਚ ਕਿਸਾਨਾਂ ਨੇ ਹਿੰਮਤ ਨਹੀਂ ਹਾਰੀ। ਭਾਰੀ ਸੰਕਟ ਦੌਰਾਨ ਵੀ ਕਿਸਾਨਾਂ ਨੇ ਦਮ ਦਿਖਾਇਆ।
ਉਹਨਾਂ ਕਿਹਾ ਦੇਸ਼ ਦਾ ਖੇਤੀਬਾੜੀ ਖੇਤਰ, ਸਾਡੇ ਕਿਸਾਨ, ਸਾਡੇ ਪਿੰਡ ਆਤਮ ਨਿਰਭਰ ਭਾਰਤ ਦੀ ਨੀਂਹ ਹਨ। ਜੇਕਰ ਇਹ ਮਜ਼ਬੂਤ ਹੋਣਗੇ ਤਾਂ ਆਤਮ ਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਹੋਵੇਗੀ। ਮਨ ਕੀ ਬਾਤ ਦੇ 69ਵੇਂ ਐਪੀਸੋਡ ਦੌਰਾਨ ਮੋਦੀ ਨੇ ਕਿਹਾ ਕਿ ਬੀਤੇ ਕੁਝ ਸਮੇਂ ਵਿਚ ਇਹਨਾਂ ਖੇਤਰਾਂ ਨੇ ਅਪਣੇ ਆਪ ਨੂੰ ਕਈ ਬੰਦਿਸ਼ਾਂ ਤੋਂ ਅਜ਼ਾਦ ਕੀਤਾ ਹੈ।
ਖੇਤੀ ਬਿਲਾਂ ਦੇ ਫਾਇਦੇ ਦੱਸਦੇ ਹੋਏ ਉਹਨਾਂ ਨੇ ਕੁਝ ਕਿਸਾਨਾਂ ਦੀਆਂ ਉਦਾਹਰਣਾਂ ਦੇ ਕੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਹੁਣ ਇਕ ਨਵੀਂ ਤਾਕਤ ਮਿਲੀ ਹੈ। ਇਸ ਦੌਰਾਨ ਉਹਨਾਂ ਨੇ ਮਹਾਰਾਸ਼ਟਰ, ਤਮਿਲਨਾਡੂ ਅਤੇ ਉੱਤਰ ਪ੍ਰਦੇਸ਼ ਦੀਆਂ ਕੁਝ ਉਦਾਹਰਣਾਂ ਦਿੱਤੀਆਂ।
ਉਹਨਾਂ ਕਿਹਾ ਕਿ ਹਰਿਆਣਾ ਦੇ ਇਕ ਕਿਸਾਨ ਨੇ ਉਹਨਾਂ ਨੂੰ ਦੱਸਿਆ ਕਿ ਇਕ ਸਮਾਂ ਸੀ ਜਦੋਂ ਉਹਨਾਂ ਨੂੰ ਮੰਡੀ ਤੋਂ ਬਾਹਰ ਅਪਣੇ ਫਲ ਅਤੇ ਸਬਜ਼ੀਆਂ ਵੇਚਣ ਵਿਚ ਮੁਸ਼ਕਿਲ ਆਉਂਦੀ ਸੀ ਪਰ 2014 ਵਿਚ ਫਲ ਅਤੇ ਸਬਜ਼ੀਆਂ ਨੂੰ ਏਪੀਐਮਸੀ ਐਕਟ ਤੋਂ ਬਾਹਰ ਕਰ ਦਿੱਤਾ ਗਿਆ, ਇਸ ਦਾ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਕਾਫ਼ੀ ਫਾਇਦਾ ਹੋਇਆ।
ਉਹਨਾਂ ਕਿਹਾ ਮਹਾਰਾਸ਼ਟਰ ਵਿਚ ਫਲ਼ ਅਤੇ ਸਬਜ਼ੀਆਂ ਨੂੰ ਏਪੀਐਮਸੀ ਦੇ ਘੇਰੇ ਤੋਂ ਬਾਹਰ ਕੀਤਾ ਗਿਆ, ਇਸ ਬਦਲਾਅ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਸਥਿਤੀ ਬਦਲੀ ਹੈ। ਇਸ ਤੋਂ ਇਲਾਵਾ ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਵੀ ਯਾਦ ਕੀਤਾ। ਇਸ ਦੌਰਾਨ ਉਹਨਾਂ ਨੇ ਸਰਜੀਕਲ ਸਟ੍ਰਾਈਕ ਦਾ ਵੀ ਜ਼ਿਕਰ ਕੀਤਾ।