ਮੱਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਇਆ 1984 ਸਿੱਖ ਨਸਲਕੁਸ਼ੀ ਦਾ ਮੁੱਖ ਦੋਸ਼ੀ ਜਗਦੀਸ਼ ਟਾਈਟਲਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਆਗੂਆਂ ਨੇ ਕਾਂਗਰਸ ਨੂੰ ਕੀਤੇ ਸਵਾਲ

Jagdish Tytler attends oath ceremony of Congress President Mallikarjun Kharge

 

ਨਵੀਂ ਦਿੱਲੀ: ਬੀਤੇ ਦਿਨ ਅਧਿਕਾਰਤ ਤੌਰ 'ਤੇ ਮੱਲਿਕਾਰਜੁਨ ਖੜਗੇ ਨੂੰ ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪੀ ਗਈ ਸੀ ਪਰ ਉਹਨਾਂ ਦਾ ਸਹੁੰ ਚੁੱਕ ਸਮਾਗਮ ਵਿਵਾਦਾਂ 'ਚ ਘਿਰ ਗਿਆ ਹੈ। ਦਰਅਸਲ ਇਸ ਸਮਾਗਮ ਦੌਰਾਨ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਵੀ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਜਿਸ ਕਾਰਨ ਭਾਜਪਾ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ।

ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਟਵੀਟ ਕਰਦਿਆਂ ਕਿਹਾ, “ਗਾਂਧੀ ਪਰਿਵਾਰ ਨੇ ਸਿੱਖਾਂ ਦੇ ਕਾਤਲ ਟਾਈਟਲਰ ਨੂੰ ਖੜਗੇ ਜੀ ਦੇ ਸਹੁੰ ਚੁੱਕ ਸਮਾਗਮ ਵਿਚ ਮਹਿਮਾਨ ਵਜੋਂ ਬੁਲਾ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਟਾਈਟਲਰ, ਕਮਲਨਾਥ ਨੂੰ ਸੁਰੱਖਿਆ ਅਤੇ ਸਨਮਾਨ ਦਿੰਦੇ ਰਹਿਣਗੇ। ਇਹਨਾਂ ਕਾਤਲਾਂ ਦੀ ਮਦਦ ਨਾਲ ਗਾਂਧੀ ਪਰਿਵਾਰ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਅਤੇ ਅੱਜ ਤੱਕ ਇਹਨਾਂ ਲੋਕਾਂ ਨੂੰ ਇਸ ਦਾ ਫਲ ਦੇ ਰਿਹਾ ਹੈ”।

ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੇ ਵੀ ਟਵਿੱਟਰ 'ਤੇ ਇਕ ਫੋਟੋ ਵੀ ਸ਼ੇਅਰ ਕੀਤੀ, ਜਿਸ 'ਚ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੀਰਾ ਕੁਮਾਰ ਦੇ ਨਾਲ ਟਾਈਟਲਰ ਇਕ ਹੀ ਕਮਰੇ 'ਚ ਬੈਠੇ ਨਜ਼ਰ ਆ ਰਹੇ ਹਨ।