ਅਫਗਾਨੀ ਪਿਆਜ਼ ਵਪਾਰੀਆਂ ਦੀ ਨਰਾਜ਼ਗੀ ਪੈ ਸਕਦੀ ਏ 'ਮਹਿੰਗੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਆਜ਼ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਤੋਂ ਨਾਖੁਸ਼ ਨੇ ਵਪਾਰੀ

file photo

ਅਫ਼ਗਾਨਿਸਤਾਨ ਤੋਂ ਰੋਜ਼ਾਨਾ 80 ਟਰੱਕ ਪਿਆਜ਼ ਦੇ ਭਾਰਤ 'ਚ ਆਈਸੀਪੀ ਰਾਹੀਂ ਪਹੁੰਚ ਰਹੇ ਹਨ। ਪਰ ਹੁਣ ਪਿਆਜ਼ਾਂ ਦੀ ਢੁਕਵੀਂ ਸਾਂਭ ਸੰਭਾਲ ਨਾ ਕਰਨ ਕਾਰਨ ਅਫਗਾਨਿਸਤਾਨ ਦੇ ਵਪਾਰੀਆਂ ਨੇ ਨਰਾਜ਼ਗੀ ਜਾਹਰ ਕਰਦਿਆਂ ਪਿਆਜ਼ ਨਾ ਭੇਜਣ ਦੀ ਚਿਤਾਵਨੀ ਦਿਤੀ ਹੈ।

ਵਪਾਰੀਆਂ ਦਾ ਦੋਸ਼ ਹੈ ਕਿ ਆਈਸੀਪੀ 'ਤੇ ਸ਼ੈਡ ਨਾ ਹੋਣ ਕਾਰਨ ਉਨ੍ਹਾਂ ਦਾ ਪਿਆਜ਼ ਬਾਹਰ ਹੀ ਉਤਾਰਿਆ ਜਾ ਰਿਹਾ ਹੈ। ਪਿਆਜ਼ ਖੁਲ੍ਹੇ 'ਚ ਪਿਆ ਹੋਣ ਕਾਰਨ ਖ਼ਰਾਬ ਹੋ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਦੀ ਸਰਹੱਦ ਅੰਦਰ ਆਉਣ ਤੋਂ ਬਾਅਦ ਉਨ੍ਹਾਂ ਦੇ ਪਿਆਜ਼ ਨੂੰ ਸ਼ੈਡ ਅੰਦਰ ਨਾ ਰਖਿਆ ਗਿਆ ਤਾਂ ਉਹ ਪਿਆਜ਼ ਭੇਜਣਾ ਬੰਦ ਕਰ ਦੇਣਗੇ।

ਵਪਰੀਆਂ ਦਾ ਕਹਿਣਾ ਹੈ ਕਿ ਭਾਰਤ ਅੰਦਰ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਉਨ੍ਹਾਂ ਵਲੋਂ ਅਫਗਾਨਿਸਤਾਨ ਤੋਂ ਭੇਜੇ ਜਾ ਰਹੇ ਪਿਆਜ਼ ਕਾਰਨ ਆ ਰਹੀ ਹੈ। ਇਸ ਲਈ ਪਿਆਜ਼ ਦੀਆਂ ਕੀਮਤਾਂ ਨੂੰ ਉਛਾਲ ਤੋਂ ਬਚਾਉਣ ਲਈ ਉਨ੍ਹਾਂ ਵਲੋਂ ਭੇਜੇ ਜਾ ਰਹੇ ਪਿਆਜ਼ ਦੀ ਸਾਂਭ ਸੰਭਾਲ ਦੇ ਪੁਖਤਾ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।

ਉਧਰ ਦੂਜੇ ਪਾਸੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ 'ਚ ਹੁਣ ਕਮੀ ਆਉਣੀ ਸ਼ੁਰੂ ਹੋ ਗਈ ਹੈ। ਆਉਂਦੇ ਦਿਨਾਂ 'ਚ ਕੀਮਤਾਂ ਹੋਰ ਥੱਲੇ ਜਾਣ ਦੀ ਉਮੀਦ ਹੈ। ਇਹ ਪਿਆਜ਼ ਭਾਰਤ ਦੇ ਵੱਖ ਵੱਖ ਸੂਬਿਆਂ ਮੁੰਬਈ, ਹਿਮਾਚਲ, ਦਿੱਲੀ, ਹਰਿਆਣਾ ਅਤੇ ਪੰਜਾਬ 'ਚ ਭੇਜਿਆ ਜਾ ਰਿਹਾ ਹੈ।