ਠੰਢ ਦੇ ਬਾਵਜੂਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਔਰਤਾਂ
ਔਰਤਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਮਰਦਾਂ ਦੇ ਬਰਾਬਰ ਹਨ- ਕਿਸਾਨ
ਸੰਗਰੂਰ (ਤਜਿੰਦਰ ਕੁਮਾਰ ਸ਼ਰਮਾ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਟੋਲ ਪਲਾਜ਼ਿਆਂ ‘ਤੇ ਵੀ ਲਗਾਤਾਰ ਡਟੇ ਹੋਏ ਹਨ। ਇਸ ਦੇ ਚਲਦਿਆਂ ਸੰਗਰੂਰ ਵਿਚ ਵੀ ਕਿਸਾਨ ਟੋਲ ਪਲਾਜ਼ਾ ‘ਤੇ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਦਾ ਸਾਥ ਦੇਣ ਲਈ ਔਰਤਾਂ ਤੇ ਬੱਚੇ ਵੀ ਮੋਰਚੇ ‘ਚ ਸ਼ਮੂਲੀਅਤ ਕਰ ਰਹੇ ਹਨ।
ਸੰਗਰੂਰ ਟੋਲ ਪਲਾਜ਼ਾ ‘ਤੇ ਜਾਰੀ ਸੰਘਰਸ਼ ਦੇ 84ਵੇਂ ਦਿਨ ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਪਣੇ ਪਰਿਵਾਰਾਂ ਸਮੇਤ ਇੱਥੇ ਡਟੇ ਹੋਏ ਹਨ। ਠੰਢ ਦੇ ਬਾਵਜੂਦ ਵੀ ਔਰਤਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਬਾਬੇ ਨਾਨਕ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਸੀ ਤੇ ਅੱਜ ਔਰਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਮਰਦਾਂ ਦੇ ਬਰਾਬਰ ਹਨ। ਕਿਸਾਨਾਂ ਨੇ ਦੱਸਿਆ ਕਿ ਦਿੱਲੀ ਮੋਰਚੇ ਦੌਰਾਨ ਸਥਾਨਕ ਲੋਕ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ। ਨੌਜਵਾਨ ਕੁੜੀਆਂ-ਮੁੰਡੇ ਸੰਘਰਸ਼ ‘ਚ ਆ ਕੇ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ।
ਇਸ ਦੌਰਾਨ ਉਹ ਕਿਸਾਨਾਂ ਲਈ ਕੰਬਲ, ਬਿਸਤਰੇ ਆਦਿ ਦੀ ਸੇਵਾ ਵੀ ਕਰ ਰਹੇ ਹਨ। ਕਿਸਾਨਾਂ ਦੇ ਸਾਥ ਲਈ ਉਹ ਅਪਣੇ ਮਕਾਨ ਵੇਚਣ ਲਈ ਵੀ ਤਿਆਰ ਹਨ।ਮੋਰਚੇ ‘ਤੇ ਡਟੀਆਂ ਔਰਤਾਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਉਣ ਲਈ ਅਖੀਰ ਤੱਕ ਸੰਘਰਸ਼ ਕਰਦੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ਚਾਹੇ ਉਹਨਾਂ ਨੂੰ ਅਪਣੇ ਬੱਚੇ ਵੀ ਦਿੱਲੀ ਲਿਜਾਉਣੇ ਪੈਣ, ਉਹ ਇਸ ਦੇ ਲਈ ਵੀ ਤਿਆਰ ਹਨ।