ਜੱਜ ਨਾ ਹੋਣ ਕਰ ਕੇ ਰਾਮ ਮੰਦਰ ਮਾਮਲੇ ਦੀ ਸੁਣਵਾਈ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਵੇਦਨਸ਼ੀਲ ਰਾਮ ਜਨਮਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ 29 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਰੱਦ ਕਰ ਦਿਤੀ ਹੈ.....

Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੰਜ ਮੈਂਬਰੀ ਸੰਵਿਧਾਨ ਬੈਂਚ ਦੇ ਇਕ ਮੈਂਬਰ ਦੇ ਉਪਲਬਧ ਨਾ ਹੋਣ ਕਰ ਕੇ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਰਾਮ ਜਨਮਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ 29 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਰੱਦ ਕਰ ਦਿਤੀ ਹੈ। ਸੁਪਰੀਮ ਕੋਰਟ ਦੀ ਰਜਿਸਟਰੀ ਵਲੋਂ ਜਾਰੀ ਨੋਟਿਸ ਅਨੁਸਾਰ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਸੰਵਿਧਾਨ ਬੈਂਚ ਹੁਣ ਇਸ ਦਿਨ ਸੁਣਵਾਈ ਨਹੀਂ ਕਰੇਗੀ ਕਿਉਂਕਿ ਜਸਟਿਸ ਐਸ.ਏ. ਬੋਬਡੇ ਹਾਜ਼ਰ ਨਹੀਂ ਹੋਣਗੇ।

ਨੋਟਿਸ ਮੁਤਾਬਕ, ''ਇਸ ਦਾ ਨੋਟਿਸ ਲਿਆ ਜਾਵੇ ਕਿ ਜਸਟਿਸ ਐਸ.ਏ. ਬੋਬਡੇ ਦੇ ਹਾਜ਼ਰ ਨਾ ਹੋਣ ਕਰ ਕੇ 29 ਜਨਵਰੀ, 2019 ਨੂੰ ਚੀਫ਼ ਜਸਟਿਸ ਦੀ ਅਦਾਲਤ 'ਚ ਸੰਵਿਧਾਨ ਬੈਂਚ ਦੇ ਸਾਹਮਣੇ ਹੋਣ ਵਾਲੀ ਸੁਣਵਾਈ ਰੱਦ ਕੀਤੀ ਜਾਂਦੀ ਹੈ। ਇਸ ਬੈਂਚ 'ਚ ਚੀਫ਼ ਜਸਟਿਸ, ਜਸਟਿਸ ਬੋਬਡੇ, ਜਸਟਿਸ ਵੀ.ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ.ਏ. ਨਜ਼ਰੀ ਸ਼ਾਮਲ ਹਨ।''

ਇਸ ਤੋਂ ਪਹਿਲਾਂ ਮੂਲ ਬੈਂਚ 'ਚ ਸ਼ਾਮਲ ਰਹੇ ਜਸਟਿਸ ਯੂ.ਯੂ. ਲਲਿਤ ਨੇ ਖ਼ੁਦ ਨੂੰ ਮਾਮਲੇ ਦੀ ਸੁਣਵਾਈ ਤੋਂ ਵੱਖ ਕਰ ਲਿਆ ਸੀ ਅਤੇ 25 ਜਨਵਰੀ ਨੂੰ ਮੁੜ ਪੰਜ ਜੱਜਾਂ ਦੀ ਸੰਵਿਧਾਨ ਬੈਂਚ ਦਾ ਗਠਨ ਕੀਤਾ ਗਿਆ ਸੀ। ਜਦੋਂ ਨਵੀਂ ਬੈਂਚ ਦਾ ਗਠਨ ਕੀਤਾ ਗਿਆ ਤਾਂ ਜਸਟਿਸ ਐਨ.ਵੀ. ਰਮਣ ਨੂੰ ਵੀ ਨਵੀਂ ਬਣੀ ਬੈਂਚ ਤੋਂ ਵੱਖ ਰਖਿਆ ਗਿਆ। ਇਸ ਦਾ ਕੋਈ ਕਾਰਨ ਨਹੀਂ ਦਸਿਆ ਗਿਆ।  (ਪੀਟੀਆਈ)