ਭਾਜਪਾ MP ਦਾ ਵੱਡਾ ਬਿਆਨ
ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਹੀਨ ਬਾਗ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਹੀਨ ਬਾਗ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਪੱਛਮੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਜੇਕਰ ਦਿੱਲੀ ਵਿਚ ਉਹਨਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਉਹ ਇਕ ਘੰਟੇ ਵਿਚ ਸ਼ਾਹੀਨ ਬਾਗ ਖਾਲੀ ਕਰਾ ਲੈਣਗੇ।
ਇਕ ਜਨਸਭਾ ਵਿਚ ਉਹਨਾਂ ਨੇ ਕਿਹਾ, ‘ਇਕ ਗੱਲ ਨੋਟ ਕਰਕੇ ਲੱਖ ਲੈਣਾ। ਇਹ ਕੋਈ ਛੋਟੀਆਂ-ਮੋਟੀਆਂ ਚੋਣਾਂ ਨਹੀਂ ਹਨ ਬਲਕਿ ਇਹ ਦੇਸ਼ ਵਿਚ ਸਥਿਰਤਾ ਅਤੇ ਏਕਤਾ ਦੀਆਂ ਚੋਣਾਂ ਹਨ। 11 ਤਰੀਕ ਨੂੰ ਜੇਕਰ ਭਾਜਪਾ ਦੀ ਸਰਕਾਰ ਬਣ ਗਈ ਤਾਂ ਇਕ ਘੰਟੇ ਦੇ ਅੰਦਰ ਸ਼ਾਹੀਨ ਬਾਗ ਵਿਚ ਇਕ ਵੀ ਆਦਮੀ ਦਿਖਾਈ ਦਿੱਤਾ ਤਾਂ ਮੈਂ ਵੀ ਇੱਥੇ ਹਾਂ ਅਤੇ ਤੁਸੀਂ ਵੀ ਇੱਥੇ ਹੋ’।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਦਿੱਲੀ ਵਿਚ ਕਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਲੋਕਾਂ ਦਾ ਮਕਸਦ ਨਾਗਰਿਕਤਾ ਸੋਧ ਕਾਨੂੰਨ ਨੂੰ ਸਮਝਣਾ ਨਹੀਂ ਹੈ। ਪ੍ਰਵੇਸ਼ ਵਰਮਾ ਨੇ ਕਿਹਾ ਕਿ ਕਸ਼ਮੀਰ ਦੀ ਤਰ੍ਹਾਂ ਦਿੱਲੀ ਦੇ ਇਕ ਕੋਨੇ ਵਿਚ ਵੀ ਅੱਗ ਲੱਗੀ ਹੈ। ਇਹ ਲੋਕ ਤੁਹਾਨੂੰ ਘਰਾਂ ਵਿਚ ਵੜ ਕੇ ਮਾਰਨਗੇ।
ਉਹਨਾਂ ਕਿਹਾ ਮੋਦੀ ਨਹੀਂ ਹੋਣਗੇ ਤਾਂ ਇਹ ਲੋਕ ਤੁਹਾਨੂੰ ਵੱਢ ਦੇਣਗੇ। ਇਸ ਦੇ ਨਾਲ ਹੀ ਉਹਨਾਂ ਨੇ ਅਨੁਰਾਗ ਠਾਕੁਰ ਦੇ ਬਿਆਨ ਦਾ ਵੀ ਸਮਰਥਨ ਕੀਤਾ ਹੈ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਪ੍ਰਵੇਸ਼ ਵਰਮਾ ਨੇ ਕਿਹਾ ਕਿ ਗੱਦਾਰਾਂ ਨੂੰ ਗੋਲੀ ਮਾਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਨੋਟਿਸ ਤੋਂ ਨਹੀਂ ਡਰਦੇ।
ਪ੍ਰਵੇਸ਼ ਵਰਮ ਨੇ ਕਿਹਾ, ‘ਸ਼ਾਹੀਨ ਬਾਗ ਵਿਚ ਲੱਖਾਂ ਲੋਕ ਜਮਾਂ ਹਨ। ਦਿੱਲੀ ਦੀ ਜਨਤਾ ਨੂੰ ਸੋਚਣਾ ਹੋਵੇਗਾ ਅਤੇ ਫੈਸਲਾ ਕਰਨਾ ਹੋਵੇਗਾ। ਲੋਕ ਤੁਹਾਡੇ ਘਰਾਂ ਵਿਚ ਆਉਣਗੇ। ਤੁਹਾਡੀਆਂ ਧੀਆਂ-ਭੈਣਾਂ ਦਾ ਬਲਾਤਕਾਰ ਕਰਨਗੇ। ਉਹਨਾਂ ਦੀ ਹੱਤਿਆ ਕਰਨਗੇ। ਅੱਜ ਸਮਾਂ ਹੈ, ਕੱਲ ਮੋਦੀ ਜੀ ਅਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆਉਣਗੇ। ਉਹਨਾਂ ਕਿਹਾ, ‘ਕੱਲ ਨੂੰ ਜੇਕਰ ਕੋਈ ਹੋਰ ਪ੍ਰਧਾਨ ਮੰਤਰੀ ਬਣ ਗਿਆ ਤਾਂ ਦੇਸ਼ ਦੀ ਜਨਤਾ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰੇਗੀ’।