ਚੰਡੀਗੜ੍ਹ : ਕਰੋਨਾ ਦੇ ਕੇਸਾਂ 'ਚ ਹੋਇਆ ਵਾਧਾ, ਇਕ ਦਿਨ 'ਚ 11 ਮਾਮਲੇ ਆਏ ਸਾਹਮਣੇ
ਚੰਡੀਗੜ੍ਹ ਵਿਚ 17 ਲੌਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਕੇ ਘਰ ਜਾ ਚੁੱਕੇ ਹਨ।
ਚੰਡੀਗੜ੍ਹ : ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਕਰੋਨਾ ਵਾਇਰਸ ਨੇ ਹੁਣ ਚੰਡੀਗੜ੍ਹ ਵਿਚ ਆਪਣਾ ਕਾਫੀ ਪ੍ਰਭਾਵ ਪਾਇਆ ਹੋਇਆ ਹੈ। ਜਿੱਥੇ ਅੱਜ ਇਕ ਦਿਨ ਵਿਚ ਹੀ 11 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ। ਦੱਸ ਦੱਈਏ ਕਿ ਮੰਗਲਵਾਰ ਦੁਪਹਿਰ ਤੱਕ ਬਾਪੂਧਾਮ ਕਲੋਨੀ ਵਿਚੋਂ ਕਰੋਨਾ ਦੇ 6 ਕੇਸ ਸਾਹਮਣੇ ਆਏ ਹਨ।
ਇਨ੍ਹਾਂ ਕੇਸਾਂ ਵਿਚ ਮਾਂ ਸਮੇਤ ਚਾਰ ਬੱਚੇ ਅਤੇ ਇਕ ਹੋਰ ਔਰਤ ਨੂੰ ਕਰੋਨਾ ਦੀ ਪੌਜਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਸਭ ਨੂੰ ਚੰਡੀਗੜ੍ਹ ਦੇ ਸੈਕਟਰ – 16 ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਵੀ ਸੈਕਟਰ – 30 ਵਿਚੋਂ 5 ਪੌਜਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਇਕ 53 ਸਾਲਾ ਔਰਤ, 62 ਸਾਲਾ ਪੁਰਸ਼, 27 ਸਾਲਾ ਔਰਤ, 35 ਸਾਲਾ ਔਰਤ ਅਤੇ 23 ਸਾਲਾ ਔਰਤ ਸ਼ਾਮਿਲ ਹੈ।
ਕੁੱਲ ਮਿਲਾ ਕੇ ਅੱਜ ਪੂਰੇ ਸ਼ਹਿਰ ਵਿਚੋਂ ਹੁਣ ਤੱਕ 11 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਤੋਂ ਬਾਅਦ ਸ਼ਹਿਰ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ । ਇਨ੍ਹਾਂ ਕੇਸਾਂ ਦੇ ਆਉਂਣ ਨਾਲ ਚੰਡੀਗੜ੍ਹ ਵਿਚ ਵਿਚ ਕਰੋਨਾ ਪੌਜਟਿਵ ਕੇਸਾਂ ਦੀ ਗਿਣਤੀ ਵੱਧ ਕੇ 56 ਤੇ ਪੁੱਜ ਗਈ ਹੈ ਅਤੇ ਸੋਮਵਾਰ ਨੂੰ 9 ਨਵੇਂ ਕੇਸ ਆਉਂਣ ਤੋਂ ਬਾਅਦ ਇਥੇ ਕੇਸਾਂ ਦਾ ਸਿਲਸਲਾ ਕਾਫੀ ਤੇਜ਼ੀ ਨਾਲ ਵਧਣ ਲੱਗਾ ਹੈ।
ਇਸ ਦੇ ਨਾਲ ਹੀ ਥੋੜੀ ਰਾਹਤ ਦੀ ਖਬਰ ਇਹ ਵੀ ਹੈ ਕਿ ਹਾਲੇ ਤੱਕ ਇਥੇ ਕਿਸੇ ਮਰੀਜ਼ ਦੀ ਕਰੋਨਾ ਵਾਇਰਸ ਨਾਲ ਮੌਤ ਨਹੀਂ ਹੋਈ ਬਲਕਿ 17 ਲੌਕ ਅਜਿਹੇ ਜਰੂਰ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਕੇ ਘਰ ਜਾ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।