ਪਛਮੀ ਬੰਗਾਲ ਦੇ ਤਿੰਨ ਵਿਧਾਇਕ ਤੇ 50 ਤੋਂ ਵੱਧ ਕੌਂਸਲਰ ਭਾਜਪਾ ਵਿਚ ਸ਼ਾਮਲ
ਕੁਰਸੀ ਨਹੀਂ ਛੱਡ ਸਕਦੀ ਮਮਤਾ ਬੈਨਰਜੀ: ਮੁਕੁਲ ਰਾਏ
ਨਵੀਂ ਦਿੱਲੀ : ਪਛਮੀ ਬੰਗਲਾ ਤੋਂ ਤਿੰਨ ਵਿਧਾਇਕ ਅਤੇ 50 ਤੋਂ ਜ਼ਿਆਦਾ ਕੌਂਸਲਲ ਅੱਜ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ। ਇਨ੍ਹਾਂ ਵਿਚ ਭਾਜਪਾ ਦੇ ਨੇਤਾ ਮੁਕੁਲ ਰਾਏ ਦਾ ਪੁੱਤਰ ਸ਼ੁਭਾਂਸ਼ੂ ਰਾਏ ਵੀ ਸ਼ਾਮਲ ਹੈ। ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਜਪਾ ਪੱਛਮੀ ਬੰਗਾਲ ਵਿਚ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ। ਅੱਜ ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਵਿਚੋਂ ਜ਼ਿਆਦਾਤਰ ਨੇਤਾ ਤ੍ਰਿਣਮੂਲ ਕਾਂਗਰਸ ਦੇ ਹਨ।
ਸ਼ੁਭਾਂਸ਼ੂ ਰਾਏ ਨੂੰ ਆਮ ਚੋਣਾਂ ਦਾ ਨਤੀਜੇ ਐਲਾਨੇ ਜਾਣ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਤ੍ਰਿਣਮੂਲ ਕਾਂਗਰਸ ਤੋਂ ਮੁਅੱਤਲ ਕਰ ਦਿਤਾ ਗਿਆ ਸੀ। ਪਾਰਟੀ ਮੁੱਖ ਦਫ਼ਤਰ ਵਿਚ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਅਤੇ ਮੁਕੁਲ ਰਾਏ ਦੀ ਹਾਜ਼ਰੀ ਵਿਚ ਇਹ ਆਗੂ ਭਾਜਪਾ ਵਿਚ ਸ਼ਾਮਲ ਹੋਏ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਲਾਸ਼ ਅਤੇ ਮੁਕੁਲ ਰਾਏ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤ੍ਰਿਣਮੂਲ ਕਾਂਗਰਸ ਤੋਂ ਕਈ ਹੋਰ ਵਿਧਾਇਕ ਵੀ ਭਾਜਪਾ ਵਿਚ ਸ਼ਾਮਲ ਹੋਣਗੇ।
ਕਿਸੇ ਸਮੇਂ ਮਮਤਾ ਬੈਨਰਜੀ ਦੇ ਕਰੀਬੀ ਰਹੇ ਭਾਜਪਾ ਨੇਤਾ ਮੁਕੁਲ ਰਾਏ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਪੇਸ਼ਕਸ਼ ਨਾਲ ਜੁੜੀ ਘਟਨਾ ਸਬੰਧੀ ਕਿਹਾ ਕਿ ਉਹ ਕੁਰਸੀ ਨਹੀਂ ਛੱਡ ਸਕਦੀ। ਜਦ ਤਕ ਸੂਬੇ ਦੇ ਲੋਕ ਉਨ੍ਹਾਂ ਨੂੰ ਹਟਾਉਣਗੇ ਨਹੀਂ, ਉਹ ਕੁਰਸੀ ਨਹੀਂ ਛੱਡੇਗੀ। ਉਨ੍ਹਾਂ ਦਾਅਵਾ ਕਿ ਸਾਲ 2021 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੂੰ ਵਿਰੋਧੀ ਧਿਰ ਦਾ ਦਰਜਾ ਵੀ ਨਹੀਂ ਮਿਲੇਗਾ। ਸਾਲ 2016 ਵਿਚ ਪਛਮੀ ਬੰਗਾਲ ਵਿਚ 294 ਮੈਂਬਰੀ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੂੰ 211 ਸੀਟਾਂ 'ਤੇ ਜਿੱਤ ਮਿਲੀ ਸੀ ਜਦਕਿ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ ਸਨ।
ਇਸ ਤੋਂ ਬਾਅਦ ਭਾਜਪਾ ਮਜ਼ਬੂਤ ਹੁੰਦੇ ਹੋਏ ਮੁੱਖ ਵਿਰੋਧੀ ਧਿਰ ਬਣ ਗਈ ਹੈ। ਫ਼ਿਲਹਾਲ 50 ਕੌਂਸਲਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਤਿੰਨ ਨਗਰ ਨਿਗਮਾਂ ਵਿਚ ਭਾਜਪਾ ਦਾ ਕਬਜ਼ਾ ਹੋ ਗਿਆ ਹੈ। ਇਸ ਦੌਰਾਨ ਕੈਲਾਸ਼ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਤਾਨਾਸ਼ਾਹੀ ਵਾਲੇ ਵਤੀਰੇ ਤੋਂ ਤ੍ਰਿਣਮੂਲ ਦੇ ਕਈ ਨੇਤਾ ਪ੍ਰੇਸ਼ਾਨ ਹਨ ਅਤੇ ਉਹ ਹੁਣ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਮੁਕੁਲ ਰਾਏ ਨੇ ਉਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿਤਾ ਹੈ ਜਿਨ੍ਹਾਂ ਵਿਚ ਇਹ ਕਿਹਾ ਗਿਆ ਸੀ ਕਿ ਭਾਜਪਾ, ਵਿਧਾਇਕਾਂ ਅਤੇ ਨੇਤਾਵਾਂ ਨੂੰ ਖ਼ਰੀਦ ਰਹੀ ਹੈ।