ਸਾਗਰ ਹੱਤਿਆ ਮਾਮਲਾ: ਹਾਕੀ ਨਾਲ ਸਾਗਰ ਧਨਖੜ ਨੂੰ ਕੁੱਟ ਰਹੇ ਸੁਸ਼ੀਲ ਕੁਮਾਰ ਦਾ ਵੀਡੀਓ ਆਇਆ ਸਾਹਮਣੇ
ਪਹਿਲਵਾਨ ਸਾਗਰ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰੀਹਆਂ ਹਨ।
ਨਵੀਂ ਦਿੱਲੀ: ਛੱਤਰਸਾਲ ਸਟੇਡੀਅਮ ਵਿਚ ਪਹਿਲਵਾਨ ਸਾਗਰ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰੀਹਆਂ ਹਨ। ਦਰਅਸਲ ਸੁਸ਼ੀਲ ਕੁਮਾਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪਹਿਲਵਾਨ ਸੁਸ਼ੀਲ ਕੁਮਾਰ ਅਪਣੇ ਦੋਸਤਾਂ ਨਾਲ ਮਿਲ ਕੇ ਹਾਕੀ ਸਟਿੱਕ ਨਾਲ ਸਾਗਰ ਦੀ ਕੁੱਟਮਾਰ ਕਰ ਰਹੇ ਹਨ।
ਪੁਲਿਸ ਮੁਤਾਬਕ ਇਹ ਵੀਡੀਓ ਘਟਨਾ ਵਾਲੇ ਦਿਨ ਖੁਦ ਸੁਸ਼ੀਲ ਕੁਮਾਰ ਨੇ ਅਪਣੇ ਦੋਸਤ ਦੇ ਮੋਬਾਈਲ ਤੋਂ ਬਣਵਾਈ ਸੀ ਤਾਂ ਕਿ ਕੁਸ਼ਤੀ ਸਰਕਟ ਵਿਚ ਉਸ ਦਾ ਖੌਫ ਬਣਿਆ ਰਹੇ। ਤਸਵੀਰਾਂ ਵਿਚ ਜੂਨੀਅਰ ਪਹਿਲਵਾਰ ਨੂੰ ਜ਼ਮੀਨ ’ਤੇ ਖੂਨ ਨਾਲ ਲਥਪਥ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ’ਤੇ ਯੁਵਾ ਪਹਿਲਵਾਨ ਸਾਗਰ ਧਨਖੜ ਦੇ ਕਤਲ ਕਾਂਡ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ 5 ਮਈ ਨੂੰ ਮਾਡਲ ਟਾਊਨ ਥਾਣਾ ਖੇਤਰ ’ਚ ਛਤਰਸਾਲ ਸਟੇਡੀਅਮ ’ਚ ਫ਼ਲੈਟ ਖ਼ਾਲੀ ਕਰਾਉਣ ਨੂੰ ਲੈ ਕੇ ਪਹਿਲਵਾਨਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਸਨ।
ਇਸ ਦੌਰਾਨ ਪੰਜ ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਗੰਭੀਰ ਤੌਰ ’ਤੇ ਜ਼ਖਮੀ ਯੁਵਾ ਪਹਿਲਵਾਨ ਸਾਗਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਸਾਗਰ ਦੀ ਹੱਤਿਆ ਦੇ ਦੋਸ਼ ਵਿਚ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।