ਵਧੀ ਮਜ਼ਦੂਰੀ ਲਾਗਤ ਲਈ ਮੁਆਵਜ਼ਾ ਦੇਵੇ ਕਾਂਗਰਸ ਸਰਕਾਰ : ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੇ ਸੂਬੇ ਅੰਦਰ ਝੋਨੇ ਦੀ ਬਿਜਾਈ ਲੇਟ ਕਰਵਾਉਣ ਦੇ ਗ਼ਲਤ ਫ਼ੈਸਲੇ ਨੇ ਬਿਜਾਈ ਦਾ ਸੀਜ਼ਨ ਛੋਟਾ ਕਰ ਦਿਤਾ ....

Bikram Singh Majithia

ਚੰਡੀਗੜ੍ਹ,  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੇ ਸੂਬੇ ਅੰਦਰ ਝੋਨੇ ਦੀ ਬਿਜਾਈ ਲੇਟ ਕਰਵਾਉਣ ਦੇ ਗ਼ਲਤ ਫ਼ੈਸਲੇ ਨੇ ਬਿਜਾਈ ਦਾ ਸੀਜ਼ਨ ਛੋਟਾ ਕਰ ਦਿਤਾ ਹੈ ਜਿਸ ਨਾਲ ਝੋਨਾ ਲੁਆਈ ਦੀ ਮਜ਼ਦੂਰੀ ਵਿਚ ਭਾਰੀ ਵਾਧਾ ਹੋ ਗਿਆ ਹੈ। ਇਸ ਵਧੀ ਮਜ਼ਦੂਰੀ ਲਾਗਤ ਲਈ ਸਰਕਾਰ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। 

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਝੋਨੇ ਦਾ ਬਿਜਾਈ ਸੀਜ਼ਨ ਜਬਰੀ 10 ਜੂਨ ਤੋਂ ਵਧਾ ਕੇ 20 ਜੂਨ ਕਰਨ ਨਾਲ ਮਜ਼ਦੂਰਾਂ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮਜ਼ਦੂਰੀ ਦੇ ਠੇਕੇ 10 ਜੂਨ ਤੋਂ ਕੀਤੇ ਸਨ, ਜਿਨ੍ਹਾਂ ਨੂੰ ਉਹ ਪੁਗਾ ਨਹੀਂ ਸਕੇ। ਪਹਿਲਾਂ ਪੰਜਾਬ ਵਿਚ ਝੋਨਾ ਲਾ ਕੇ ਮਗਰੋਂ ਅਪਣੇ ਖੇਤਾਂ ਦੀ ਦੇਖਭਾਲ ਕਰਨ ਵਾਲੇ ਪਰਵਾਸੀ ਮਜ਼ਦੂਰ ਐਤਕੀਂ ਬਹੁਤ ਥੋੜੀ ਗਿਣਤੀ ਵਿਚ ਆ ਰਹੇ ਹਨ। ਇਸ ਨਾਲ ਝੋਨਾ ਲੁਆਈ ਦੀ ਮਜ਼ਦੂਰੀ ਵਿਚ 40 ਫ਼ੀ ਸਦੀ ਵਾਧਾ ਹੋ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਸਿਰਫ਼ ਇੰਨਾ ਹੀ ਨਹੀਂ। ਕਿਸਾਨਾਂ ਦਾ ਅਜੇ ਹੋਰ ਨੁਕਸਾਨ ਹੋਣਾ ਹੈ। ਉਨ੍ਹਾਂ ਕਿਹਾ ਕਿ ਦੇਰੀ ਨਾਲ ਕੀਤੀ ਬਿਜਾਈ ਕਰ ਕੇ ਵੇਚੇ ਜਾਣ ਸਮੇਂ ਇਸ ਝੋਨੇ 'ਚ ਨਾ ਸਿਰਫ਼ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ, ਸਗੋਂ ਝਾੜ ਵੀ ਘੱਟ ਨਿਕਲੇਗਾ ਜਿਸ ਨਾਲ ਕਿਸਾਨਾਂ ਦਾ ਹੋਰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਰਵਾਇਤੀ ਤੌਰ ਤੇ ਤਿੰਨ ਫ਼ਸਲਾਂ ਬੀਜਦੇ ਸਨ, ਹੁਣ ਝੋਨਾ ਦੇਰੀ ਨਾਲ ਬੀਜਣ ਕਰ ਕੇ ਉਹ ਤੀਜੀ ਫ਼ਸਲ ਨਹੀਂ ਬੀਜ ਪਾਉਣਗੇ।