ਸਮਾਜਕ ਸੁਰੱਖਿਆ ਯੋਜਨਾਵਾਂ ਨੇ ਗ਼ਰੀਬਾਂ ਤੇ ਦਲਿਤਾਂ ਨੂੰ ਹਿੰਮਤ ਦਿਤੀ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੀ ਯੂਪੀਏ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2014 ਵਿਚ ਜਦ ਉਹ ਸਰਕਾਰ ਵਿਚ ਆਏ ਤਾਂ ਦੇਸ਼ ਦੇ ...

Narendra Modi

ਨਵੀਂ ਦਿੱਲੀ : ਪਿਛਲੀ ਯੂਪੀਏ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2014 ਵਿਚ ਜਦ ਉਹ ਸਰਕਾਰ ਵਿਚ ਆਏ ਤਾਂ ਦੇਸ਼ ਦੇ ਆਮ ਲੋਕ ਸਮਾਜਕ ਸੁਰੱਖਿਆ ਤੋਂ ਵਾਂਝੇ ਸਨ ਅਤੇ ਪਿਛਲੇ ਚਾਰ ਸਾਲਾਂ ਵਿਚ ਉਨ੍ਹਾਂ ਦੀ ਸਰਕਾਰ ਨੇ ਕਈ ਸਮਾਜਕ ਸੁਰੱਖਿਆ ਯੋਜਨਾਵਾਂ ਨੂੰ ਧਰਾਤਲ 'ਤੇ ਲਿਆਉਣ ਦਾ ਕੰਮ ਕੀਤਾ ਹੈ ਜਿਸ ਨਾਲ ਦਲਿਤ, ਪੀੜਤ, ਆਦਿਵਾਸੀ, ਔਰਤਾਂ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਸੰਕਟ ਨਾਲ ਜੂਝਣ ਅਤੇ ਜਿੱਤਣ ਦੀ ਹਿੰਮਤ ਮਿਲੀ ਹੈ। 

ਮੋਦੀ ਨੇ ਕਿਹਾ ਕਿ ਜੀਵਨ ਵਿਚ ਇਕ ਗੱਲ ਨਿਸ਼ਚਿਤ ਹੈ ਅਤੇ ਉਹ ਜੀਵਨ ਦੀ ਅਨਿਸ਼ਚਿਤਤਾ ਹੈ। ਕੋਈ ਨਹੀਂ ਜਾਣਦਾ ਕਿ ਕਲ ਕੀ ਹੋਣ ਵਾਲਾ ਹੈ। ਸੰਕਟ ਅਮੀਰ ਅਤੇ ਗ਼ਬੀਰ ਦਾ ਭੇਦ ਨਹੀਂ ਕਰਦਾ ਅਤੇ ਕਦੇ ਵੀ ਆ ਸਕਦਾ ਹੈ। ਅਜਿਹੇ ਵਿਚ ਸਾਰਿਆਂ ਨੂੰ ਭਵਿੱਖ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਬੀਮੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਸਾਡੀ ਸਰਕਾਰ ਗ਼ਰੀਬਾਂ ਪ੍ਰਤੀ ਸੰਵੇਦਨਸ਼ੀਲ, ਗ਼ਰੀਬਾਂ ਦੀ ਭਲਾਈ ਨੂੰ ਸਮਰਪਿਤ ਅਤੇ ਕਮਜ਼ੋਰ ਵਰਗਾਂ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ।'

ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਯੋਤੀ ਬੀਮਾ ਯੋਜਨਾ, ਸੁਰੱਖਿਆ ਯੋਜਨਾ ਜਿਹੀਆਂ ਯੋਜਨਾਵਾਂ ਇਸੇ ਲਈ ਸ਼ੁਰੂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਉਨ੍ਹਾਂ ਦੀ ਸਰਕਾਰ ਆਈ ਤਾਂ ਗ਼ਰੀਬਾਂ ਦਾ ਅਪਣਾ ਬੈਂਕ ਖਾਤਾ ਵੀ ਨਹੀਂ ਸੀ। ਦੇਸ਼ ਦਾ ਆਮ ਨਾਗਰਿਕ ਅਸੁਰੱਖਿਅਤ ਸੀ। ਲਘੂ ਅਤੇ ਛੋਟੇ ਵਪਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਮੋਦੀ ਨੇ ਕਿਹਾ ਕਿ ਵਿਸ਼ਵ ਬੈਂਕ ਨੇ ਵੀ ਜਨ ਧਨ ਯੋਜਨਾ ਦੀ ਸ਼ਲਾਘਾ ਕੀਤੀ ਹੈ।

ਭਾਰਤ ਵਿਚ ਬੈਂਕ ਖਾਤਾ ਧਾਰਕਾਂ ਦੀ ਗਿਣਤੀ ਕਰੀਬ 50-52 ਫ਼ੀ ਸਦੀ ਸੀ ਜਿਹੜੀ ਤਿੰਨ ਸਾਲਾਂ ਵਿਚ 80 ਫ਼ੀ ਸਦੀ ਤੋਂ ਵੱਧ ਚੁੱਕੀ ਹੈ। ਅਤੇ ਖ਼ਾਸਕਰ ਔਰਤਾਂ ਦੇ ਬੈਂਕ ਖਾਤਿਆਂ ਵਿਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਜ਼ਰਗਾਂ ਦੀ ਭਲਾਈ ਲਈ ਅਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੀਨੀਅਰ ਨਾਗਰਿਕਾਂ ਦੀ ਸਿਹਤ ਬਾਰੇ ਉਨ੍ਹਾਂ ਦੇ ਆਰਥਕ ਹਿਤਾਂ ਨਾਲ ਜੁੜੇ ਵਿਸ਼ਿਆਂ ਪ੍ਰਤੀ ਸਰਕਾਰ ਫ਼ਿਕਰਮੰਦ ਹੈ।  (ਏਜੰਸੀ)