ਜੰਮੂ-ਕਸ਼ਮੀਰ 'ਚ ਅਤਿਵਾਦੀਆਂ ਨੇ ਫਿਰ ਪੁਲਿਸ ਮੁਲਾਜ਼ਮ ਨੂੰ ਕੀਤਾ ਅਗਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ ਤੋਂ ਅਤਿਵਾਦੀਆਂ ਨੇ ਇਕ ਪੁਲਿਸ ਮੁਲਾਜ਼ਮ ਦਾ ਉਸ ਦੇ ਘਰ ਤੋਂ ਅਗਵਾ ਕਰ ਲਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ...

Army in Jammu Kashmir

ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ ਤੋਂ ਅਤਿਵਾਦੀਆਂ ਨੇ ਇਕ ਪੁਲਿਸ ਮੁਲਾਜ਼ਮ ਦਾ ਉਸ ਦੇ ਘਰ ਤੋਂ ਅਗਵਾ ਕਰ ਲਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਮੁਦਾਸਿਰ ਅਹਿਮਦ ਲੋਨ ਦਾ ਅਗਵਾ ਅਤਿਵਾਦੀਆ ਨੇ ਕੱਲ੍ਹ ਰਾਤ ਚੈਨਾਤਰ ਸਥਿਤ ਉਨ੍ਹਾਂ ਦੇ ਘਰ ਤੋਂ ਕਰ ਲਿਆ। ਉਨ੍ਹਾਂ ਦਸਿਆ ਕਿ ਸੁਰੱਖਿਆ ਬਲਾਂ ਨੇ ਅਗਵਾ ਹੋਏ ਪੁਲਿਸ ਮੁਲਾਜ਼ਮ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿਤੀ ਹੈ।

ਦਸ ਦਈਏ ਕਿ ਪਿਛਲੇ ਹਫ਼ਤੇ ਹੀ ਅਤਿਵਾਦੀਆਂ ਨੇ ਦਖਣੀ ਕਸ਼ਮੀਰ ਦੇ ਕੁਲਗਾਮ ਵਿਚ ਘਰ ਛੁੱਟੀ ਬਿਤਾਉਣ ਆਏ ਇਕ ਪੁਲਿਸ ਮੁਲਾਜ਼ਮ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿਤੀ ਸੀ। ਸੁਰੱਖਿਆ ਬਲਾਂ ਦੇ ਮੁਤਾਬਕ ਕੁਲਗਾਮ ਦੇ ਮੁਤਲਹਾਮਾ ਪਿੰਡ ਵਿਚ ਬੀਤੀ ਰਾਤ ਆਟੋਮੈਟਿਕ ਹਥਿਆਰਾਂ ਨਾਲ ਲੈਸ ਤਿੰਨ ਤੋਂ ਚਾਰ ਅਤਿਵਾਦੀ ਆਏ। ਅਤਿਵਾਦੀਆਂ ਨੇ ਅਬਦੁਲ ਗ਼ਨੀ ਸ਼ਾਹ ਦੇ ਮਕਾਨ ਦੀ ਨਿਸ਼ਾਨਦੇਹੀ ਕੀਤੀ ਅਤੇ ਅੰਦਰ ਦਾਖ਼ਲ ਹੋ ਗਏ ਸਨ। 

ਦਸਿਆ ਜਾਂਦਾ ਹੈ ਕਿ ਅਤਿਵਾਦੀਆਂ ਨੇ ਅਬਦੁਲ ਗਨੀ ਅਤੇ ਉਸ ਦੇ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਇਕ ਜਗ੍ਹਾ ਜਮ੍ਹਾਂ ਕੀਤਾ ਅਤੇ ਫਿਰ ਉਸ ਦੇ ਪੁੱਤਰ ਮੁਹੰਮਦ ਸਲੀਮ ਸ਼ਾਹ ਨੂੰ ਅਪਣੇ ਨਾਲ ਚੱਲਣ ਲਈ ਆਖਿਆ ਅਤੇ ਫਿਰ ਉਸ ਦੇ ਪੁੱਤਰ ਮੁਹੰਮਦ ਸਲੀਮ ਸ਼ਾਹ ਨੂੰ ਅਪਣੇ ਨਾਲ ਚੱਲਣ ਲਈ ਆਖਿਆ। ਸਲੀਮ ਸ਼ਾਹ ਰਾਜ ਪੁਲਿਸ ਵਿਚ ਕਾਂਸਟੇਬਲ ਸੀ। ਉਹ ਕੁੱਝ ਸਮਾਂ ਪਹਿਲਾਂ ਹੀ ਐਸਪੀਓ ਤੋਂ ਬਤੌਰ ਕਾਂਸਟੇਬਲ ਨਿਯੁਕਤ ਹੋਏ ਸਨ। 

ਅਬਦੁਲ ਗਨੀ ਅਤੇ ਪਰਵਾਰ ਦੇ ਹੋਰ ਮੈਂਬਰਾਂ ਨੇ ਅਤਿਵਾਦੀਆਂ ਦਾ ਵਿਰੋਧ ਕੀਤਾ ਪਰ ਅਤਿਵਾਦੀਆਂ ਨੇ ਸਾਰਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਚੁੱਪ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਮੁਹੰਮਦ ਸਲੀਮ ਸ਼ਾਹ ਨੂੰ ਪੁਛਗਿਛ ਤੋਂ ਬਾਅਦ ਰਿਹਾਅ ਕਰ ਦੇਣਗੇ। ਇਸ ਤੋਂ ਬਾਅਦ ਅਤਿਵਾਦੀ ਉਸ ਨੂੰ ਅਪਣੇ ਨਾਲ ਲੈ ਗਏ। ਜੰਮੂ ਕਸ਼ਮੀਰ ਪੁਲਿਸ ਮੁਤਾਬਕ ਅਤਿਵਾਦੀਆਂ ਨੇ ਸਲੀਮ ਦੀ ਹੱਤਿਆ ਕਰ ਦਿਤੀ ਸੀ। 

ਪੁਲਿਸ ਮੁਲਾਜ਼ਮ ਨੂੰ ਅਤਿਵਾਦੀਆਂ ਵਲੋਂ ਅਗਵਾ ਕੀਤੇ ਜਾਣ ਤੋਂ ਬਾਅਦ ਪੁਲਿਸ ਵਿਚ ਭਾਜੜਾਂ ਪਈਆਂ ਹੋਈਆਂ ਹਨ ਕਿਉਂਕਿ ਅਤਿਵਾਦੀਆਂ ਦੇ ਇਰਾਦਿਆਂ ਤੋਂ ਉਹ ਪੂਰੀ ਤਰ੍ਹਾਂ ਵਾਕਿਫ਼ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਅਤਿਵਾਦੀ ਅਗਵਾ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਹੱਤਿਆ ਹੀ ਨਾ ਕਰ ਦੇਣ ਕਿਉਂਕਿ ਪਹਿਲਾਂ ਵੀ ਅਤਿਵਾਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕੇ ਹਨ, ਇਸ ਲਈ ਉਨ੍ਹਾਂ 'ਤੇ ਕਿਸੇ ਵੀ ਤਰ੍ਹਾਂ ਦਾ ਇਤਬਾਰ ਨਹੀਂ ਕੀਤਾ ਜਾ ਸਕਦਾ।