ਰਾਹੁਲ ਨੇ ਦਿਤੀ ਊਧਵ ਨੂੰ ਜਨਮ ਦਿਨ ਦੀ ਵਧਾਈ, ਗਠਜੋੜ ਦੇ ਲੱਗਣ ਲਗੇ ਕਿਆਸੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਅੱਜ 58 ਸਾਲ ਦੇ ਹੋ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖੋ-ਵੱਖ ਪਾਰਟੀਆਂ ਦੇ ਆਗੂਆਂ................

Rahul Gandhi

ਮੁੰਬਈ/ਨਵੀਂ ਦਿੱਲੀ : ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਅੱਜ 58 ਸਾਲ ਦੇ ਹੋ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖੋ-ਵੱਖ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ। ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਪਹਿਲੀ ਵਾਰੀ ਵਧਾਈ ਦਿਤੇ ਜਾਣ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਕਿਆਸੇ ਲਗਣੇ ਸ਼ੁਰੂ ਹੋ ਗਏ ਹਨ।  ਮੋਦੀ ਅਤੇ ਗਾਂਧੀ ਤੋਂ ਇਲਾਵਾ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਠਾਕਰੇ ਨੂੰ ਟਵਿੱਟਰ ਰਾਹੀਂ ਵਧਾਈ ਦਿਤੀ। 

ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ''ਊਧਵ ਠਾਕਰੇ ਨੂੰ ਜਨਮਦਿਨ ਦੀ ਵਧਾਈ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਖ਼ੁਸ਼ਹਾਲੀ ਦੀ ਉਮੀਦ ਕਰਦਾ ਹਾਂ।'' ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼ਿਵ ਸੈਨਾ ਆਗੂ ਰਾਊਤ ਨੇ ਕਿਹਾ, ''ਊਧਵ ਨੂੰ ਪੂਰੇ ਦੇਸ਼ ਅਤੇ ਦੇਸ਼ ਤੋਂ ਬਾਹਰੋਂ ਜਨਮਦਿਨ ਦੀਆਂ ਵਧਾਈਆਂ ਮਿਲੀਆਂ ਹਨ। ਇਸ ਵਾਰੀ ਉਨ੍ਹਾਂ ਨੂੰ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਜਨਤਕ ਰੂਪ 'ਚ ਵਧਾਈ ਦਿਤੀ ਹੈ।''ਕਾਂਗਰਸ 'ਚ ਇਕ ਸੂਤਰ ਨੇ ਕਿਹਾ, ''ਜਨਮਦਿਨ ਮੌਕੇ ਵਧਾਈ ਦੇਣ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਸਕਦਾ ਹੈ ਕਿ ਇਹ ਸਿਆਸੀ ਦੁਸ਼ਮਣੀ ਤੋਂ ਉੱਪਰ ਉਠ ਕੇ ਨਿਜੀ ਸਬੰਧ ਬਣਾ ਸਕਦੇ ਹਨ।'' 

ਸੂਬਾ ਕਾਂਗਰਸ ਪ੍ਰਧਾਨ ਸਚਿਨ ਸਾਵੰਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਕ ਹੋਰ ਪਾਰਟੀ ਦੇ ਮੁਖੀ ਵਜੋਂ ਵਧਾਈ ਦਿਤੀ ਹੈ। ਇਸ ਤੋਂ ਜ਼ਿਆਦਾ ਇਸ ਕੇ ਕੋਈ ਅਰਥ ਨਹੀਂ ਹਨ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਨੇ ਲੋਕ ਸਭਾ 'ਚ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਦੀ ਵੀ ਤਾਰੀਫ਼ ਕੀਤੀ ਸੀ। ਗਾਂਧੀ ਨੇ ਮੋਦੀ ਸਰਕਾਰ 'ਤੇ ਸਖ਼ਤ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਕਾਂਗਰਸ ਮੁਖੀ ਹੁਣ 'ਸਿਆਸਤ ਦੇ ਅਸਲੀ ਸਕੂਲ' ਦੀ ਵੱਡੀ ਜਮਾਤ ਪਾਸ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਗਾਂਧੀ ਨੇ ਜਨਤਕ ਰੂਪ 'ਚ ਠਾਕਰੇ ਨੂੰ ਵਧਾਈ ਦਿਤੀ ਹੈ।   (ਪੀਟੀਆਈ)