ਇਕ ਦਸੰਬਰ ਤੋਂ ਡ੍ਰੋਨ ਉਡਾਉਣ ਨੂੰ ਕਾਨੂੰਨੀ ਮਾਨਤਾ ਪਰ ਡਿਲੀਵਰੀ-ਟੈਕਸੀ ਵਰਤੋਂ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਡ੍ਰੋਨ ਨਿਯਮ 1.0 ਤਹਿਤ ਨਿਯਮਾਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਇਕ ਦਸੰਬਰ ਤੋਂ 50 ਫੁੱਟ ਤੋਂ ਜ਼ਿਆਦਾ ਉਚੀ...

Drone Fly

rozana spokesman : ਨਵੀਂ ਦਿੱਲੀ : ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਡ੍ਰੋਨ ਨਿਯਮ 1.0 ਤਹਿਤ ਨਿਯਮਾਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਇਕ ਦਸੰਬਰ ਤੋਂ 50 ਫੁੱਟ ਤੋਂ ਜ਼ਿਆਦਾ ਉਚੀ ਉਡਾਨ ਭਰਨ ਲਈ ਸਾਰੇ ਡ੍ਰੋਨਾਂ ਨੂੰ ਹਰੇਕ ਉਡਾਨ ਤੋਂ ਪਹਿਲਾਂ ਆਨਲਾਈਨ ਆਗਿਆ ਲੈਣੀ ਪਵੇਗੀ। ਹਾਲਾਂਕਿ ਇਨ੍ਹਾਂ ਨਿਯਮਾਂ ਤਹਿਤ 50 ਫੁੱਟ ਤੱਕ ਉਡਾਨ ਭਰਨ ਵਾਲੇ ਡ੍ਰੋਨ ਨੂੰ ਆਗਿਆ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਉਚਾਈ ਤੋਂ ਉਪਰ ਵਾਲਿਆਂ ਨੂੰ ਹੋਵੇਗੀ।

ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਇਨ੍ਹਾਂ ਨਿਯਮਾਂ ਨੂੰ ਜਾਰੀ ਕਰਦੇ ਹੋਏ ਆਖਿਆ ਕਿ ਅਸੀਂ ਡ੍ਰੋਨ ਦੀ ਰਜਿਸਟ੍ਰੇਸ਼ਨ ਅਤੇ ਇਸ ਨੂੰ ਉਡਾਏ ਜਾਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜ਼ੀਟਲ ਕਰਨ ਜਾ ਰਹੇ ਹਨ। ਇਸ ਲਈ ਇਕ ਨੈਸ਼ਨਲ ਅਨਮੈਂਡ ਟ੍ਰੈਫਿਕ ਮੈਨੇਜਮੈਂਟ (ਯੂਟੀਐਮ) ਪਲੇਟਫਾਰਮ ਤਿਆਰ ਕੀਤਾ ਜਾਵੇਗਾ। ਯੂਟੀਐਮ ਡ੍ਰੋਨ ਦੇ ਖੇਤਰ ਵਿਚ ਟ੍ਰੈਫਿਕ ਨਿਯਮਾਂ ਦਾ ਕੰਮ ਕਰੇਗਾ। ਇਸ 'ਤੇ ਸਾਰੇ ਖ਼ਪਤਕਾਰਾਂ ਨੂੰ ਉਨ੍ਹਾਂ ਦੇ ਡ੍ਰੋਨ, ਪਾਇਲਟ ਅਤੇ ਮਾਲਕ ਦੇ ਨਾਂਅ ਨਾਲ ਰਜਿਸਟਰ ਕਰਾਉਣਾ ਹੋਵੇਗਾ।

ਇਸ ਤੋਂ ਬਾਅਦ ਹਰੇਕ ਉਡਾਨ ਤੋਂ ਪਹਿਲਾਂ ਖਪਤਕਾਰਾਂ ਨੂੰ ਮੋਬਾਈਲ ਐਪ ਦੁਆਰਾ ਮਨਜ਼ੂਰੀ ਲੈਣੀ ਹੋਵੇਗੀ, ਜਿਸ ਨੂੰ ਤੁਰਤ ਸਵੀਕਾਰ ਜਾਂ ਇਨਕਾਰ ਕਰ ਦਿਤਾ ਜਾਵੇਗਾ। ਬਿਨਾ ਆਗਿਆ ਦੇ ਡ੍ਰੋਨ ਦੀ ਉਡਾਨ ਭਰਨਾ ਗ਼ੈਰ ਕਾਨੂੰਨੀ ਮੰਨਿਆ ਜਾਵੇਗਾ। ਡ੍ਰੋਨ ਅਪਣੇ ਤੈਅ ਰਸਤੇ 'ਤੇ ਉਡਾਨ ਭਰ ਰਹੇ ਹਨ ਜਾਂ ਨਹੀਂ, ਇਸ ਦੀ ਨਿਗਰਾਨੀ ਲਈ ਯੂਟੀਐਸ ਡਿਫ਼ੈਂਸ ਅਤੇ ਸਿਵਲ ਏਅਰ ਟ੍ਰੈਫਿਕ ਕੰਟਰੋਲ ਦੇ ਸੰਪਰਕ ਵਿਚ ਰਹੇਗਾ।

ਪ੍ਰਭੂ ਨੇ ਕਿਹਾ ਕਿ ਡ੍ਰੋਨ ਨਿਯਮ 1.0 ਦਿਨ ਦੇ ਸਮੇਂ ਵਿਚ ਅਤੇ ਨਜ਼ਰ ਵਿਚ ਬਣੇ ਰਹਿਣ ਦੀ ਦੂਰੀ ਤਕ ਅਤੇ 400 ਫੁੱਟ ਦੀ ਉਚਾਈ ਤਕ ਉਡਣ ਵਾਲੇ ਡ੍ਰੋਨ ਦੇ ਬਾਰੇ ਵਿਚ ਹੈ।

ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਜੈਯੰਤ ਸਿਨ੍ਹਾ ਦੀ ਅਗਵਾਈ ਵਿਚ ਬਣਿਆ ਡ੍ਰੋਨ ਟਾਸਕ ਫੋਰਸ ਜਲਦ ਹੀ ਡ੍ਰੋਨ ਨਿਯਮ 2.0 ਦਾ ਵੀ ਡ੍ਰਾਫਟ ਪੇਸ਼ ਕਰੇਗਾ। ਇਸ ਵਿਚ ਨਜ਼ਰ ਤੋਂ ਦੂਰ ਜਾਣ ਵਾਲੇ ਡ੍ਰੋਨ ਦੇ ਬਾਰੇ ਵਿਚ ਨਿਯਮਾਂ ਦੇ ਨਾਲ-ਨਾਲ ਡ੍ਰੋਨ ਸਾਫ਼ਟਵੇਅਰ ਅਤੇ ਹਾਰਡਵੇਅਰ ਦੇ ਨਿਯਮ ਹੋਣਗੇ। ਡ੍ਰੋਨ ਨਿਯਮ ਵਿਚ ਛੇ ਤਰ੍ਹਾਂ ਦੇ ਸਥਾਨਾਂ ਨੂੰ ਨੋ ਡ੍ਰੋਨ ਜ਼ੋਨ ਐਲਾਨ ਕੀਤਾ ਗਿਆ ਹੈ। ਇਸ ਵਿਚ ਹਵਾਈ ਅੱਡੇ ਦੇ ਆਸਪਾਸ, ਕੌਮਾਂਤਰੀ ਸਰਹੱਦਾਂ ਦੇ ਨੇੜੇ, ਦਿੱਲੀ ਦੇ ਵਿਜੈ ਚੌਕ ਦੇ ਨੇੜੇ, ਰਾਜਾਂ ਦੀਆਂ ਰਾਜਧਾਨੀਆਂ ਦੇ ਸਕੱਤਰੇਤ ਕੰਪਲੈਕਸਾਂ, ਰਣਨੀਤਕ ਸਥਾਨਾਂ, ਫ਼ੌਜੀ ਸੰਸਥਾਵਾਂ ਸ਼ਾਮਲ ਹਨ।