ਐਮਕੇ ਸਟਾਲਿਨ ਚੁਣੇ ਗਏ ਡੀਐਮਕੇ ਦੇ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਮ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੀ ਪ੍ਰਧਾਨਗੀ ਨੂੰ ਲੈ ਕੇ ਉਸ ਸਮੇਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ, ਜਦੋਂ ਉਨ੍ਹਾਂ ਦੇ ...

MK Stalin

ਚੇਨੱਈ : ਐਮ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੀ ਪ੍ਰਧਾਨਗੀ ਨੂੰ ਲੈ ਕੇ ਉਸ ਸਮੇਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ, ਜਦੋਂ ਉਨ੍ਹਾਂ ਦੇ ਵੱਡੇ ਪੁੱਤਰ ਅਲਾਗਿਰੀ ਨੇ ਪ੍ਰਧਾਨਗੀ ਦਾ ਦਾਅਵਾ ਕਰ ਦਿਤਾ ਸੀ। ਜਦਕਿ ਕਰੁਣਾਨਿਧੀ ਨੇ ਅਪਣੇ ਛੋਟੇ ਪੁੱਤਰ ਐਮ ਕੇ ਸਟਾਲਿਨ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੋਇਆ ਸੀ ਪਰ ਹੁਣ ਪਾਰਟੀ ਦੀ ਜਨਰਲ ਕੌਂਸਲ ਦੀ ਮੀਟਿੰਗ ਵਿਚ ਸਟਾਲਿਨ ਨੂੰ ਡੀਐਮਕੇ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਅਹੁਦਾ ਉਨ੍ਹਾਂ ਦੇ ਪਿਤਾ ਅਤੇ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਐਮ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ ਖ਼ਾਲੀ ਹੋਇਆ ਸੀ।

ਉਨ੍ਹਾਂ ਦੇ ਮਰਹੂਮ ਪਿਤਾ ਐਮ ਕਰੁਣਾਨਿਧੀ ਪਾਰਟੀ ਦੇ ਪ੍ਰਧਾਨ ਦੇ ਅਹੁਦੇ 'ਤੇ 49 ਸਾਲਾਂ ਤਕ ਬਣੇ ਰਹੇ। ਕਰੁਣਾਨਿਧੀ ਦਾ 7 ਅਗੱਸਤ ਨੂੰ ਦੇਹਾਂਤ ਹੋ ਗਿਆ ਸੀ। ਪਾਰਟੀ ਦੀ ਸ ਮੀਟਿੰਗ ਵਿਚ ਦੁਰਈ ਮੁਰੂਗਨ ਨੂੰ ਡੀਐਮਕੇ ਦਾ ਖ਼ਜ਼ਾਨੀ ਚੁਣਿਆ ਗਿਆ ਹੈ। ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮ ਕੇ ਸਟਾਲਿਨ ਨੇ ਪਾਰਟੀ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਸੀ। ਮੀਟਿੰਗ ਵਿਚ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ, ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ, ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ, ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਸੰਯੁਕਤ ਰਾਸ਼ਟਰੀ ਸਕੱਤਰ ਕੋਫ਼ੀ ਅਨਾਨ ਨੂੰ ਸ਼ਰਧਾਂਜਲੀ ਦੇ ਕੇ ਦੋ ਮਿੰਟ ਦਾ ਮੌਨ ਰਖਿਆ ਗਿਆ।

ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੇ ਬਿਮਾਰ ਰਹਿਣ ਕਾਰਨ ਜ਼ਿਆਦਾਤਰ ਸਮਾਂ ਘਰ ਵਿਚ ਹੀ ਬਿਤਾਉਣ 'ਤੇ ਸਟਾਲਿਨ ਨੂੰ ਜਨਵਰੀ 2017 ਵਿਚ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਕਰੁਣਾਨਿਧੀ ਦੇ ਇਸੇ ਮਹੀਨੇ ਦੇਹਾਂਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਰੂਪ ਵਿਚ ਤਰੱਕੀ ਦੇਣਾ ਜ਼ਰੂਰੀ ਹੋ ਗਿਆ ਸੀ। 

ਉਧਰ ਡੀਐਮਕੇ ਤੋਂ ਕੱਢੇ ਗਏ ਨੇਤਾ ਐਮ ਕੇ ਅਲਾਗਿਰੀ ਨੇ ਅਪਣੇ ਛੋਟੇ ਭਰਾ ਐਮ ਕੇ ਸਟਾਲਿਨ ਦੀ ਪਾਰਟੀ ਪ੍ਰਧਾਨ ਅਹੁਦੇ 'ਤੇ ਤਾਜਪੋਸ਼ੀ ਤੋਂ ਇਕ ਦਿਨ ਪਹਿਲਾਂ ਅਪਣਾ ਸਖ਼ਤ ਰੁਖ਼ ਕਰਦੇ ਹੋਏ ਕਿਹਾ ਕਿ ਉਹ ਪੰਜ ਸਤੰਬਰ ਨੂੰ ਪ੍ਰਸਤਾਵਤ ਮਾਰਚ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਪਾਰਟੀ ਵਿਚ ਦੁਬਾਰਾ ਸ਼ਾਮਲ ਨਹੀਂ ਕੀਤਾ ਗਿਆ ਤਾਂ ਪਾਰਟੀ ਨੂੰ ਨਤੀਜੇ ਭੁਗਤਣੇ ਪੈਣਗੇ। 

ਦਖਣੀ ਤਾਮਿਲਨਾਡੂ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਅਲਾਗਿਰੀ ਬੀਤੇ ਸੱਤ ਅਗੱਸਤ ਨੂੰ ਅਪਣੇ ਪਿਤਾ ਐਮ ਕਰੁਣਾਨਿਧੀ ਦੇ ਦੇਹਾਂਤ ਦੇ ਬਾਅਦ ਤੋਂ ਹੀ ਸਖ਼ਤ ਰੁਖ਼ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਰਕਰਾਂ ਦੀ ਇੱਛਾ ਦੇ ਅਨੁਰੂਪ ਚੇਨੱਈ ਵਿਚ ਰੈਲੀ ਕਰਨ ਵਾਲੇ ਹਨ। ਸਾਲ 2014 ਵਿਚ ਕਰੁਣਾਨਿਧੀ ਵਲੋਂ ਪਾਰਟੀ ਤੋਂ ਕੱਢੇ ਜਾਣ ਦੇ ਬਾਅਦ ਤੋਂ ਅਲਾਗਿਰੀ ਰਾਜਨੀਤੀ ਤੋਂ ਪਰੇ ਹਨ। ਉਨ੍ਹਾਂ ਨੂੰ ਪਾਰਟੀ ਤੋਂ ਉਸ ਸਮੇਂ ਕੱਢਿਆ ਗਿਆ ਸੀ ਜਦੋਂ ਪਾਰਟੀ ਵਿਚ ਦਬਦਬਾ ਕਾਇਮ ਕਰਨ ਨੂੰ ਲੈ ਕੇ ਸਟਾਲਿਨ ਨਾਲ ਉਨ੍ਹਾਂ ਦੀ ਲੜਾਈ ਸ਼ਿਖ਼ਰ 'ਤੇ ਸੀ।