ਊਧਵ ਠਾਕਰੇ ਦਾ ਸਹੁੰ ਚੁਕ ਸਮਾਗਮ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਤਿਹਾਸਕ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ, ਸ਼ਿਵਾਜੀ ਪਾਰਕ 'ਚ 70,000 ਤੋਂ ਵੱਧ ਕੁਰਸੀਆਂ ਲਾਈਆਂ

udhav Thackeray

ਸੋਨੀਆ ਗਾਂਧੀ, ਮਮਤਾ ਬੈਨਰਜੀ ਸਮੇਤ ਵੱਡੇ ਆਗੂਆਂ ਨੂੰ ਸੱਦਾ
ਮਹਾਰਾਸ਼ਟਰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ 285 ਵਿਧਾਇਕਾਂ ਨੇ ਸਹੁੰ ਚੁਕੀ

ਮੁੰਬਈ : ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੀਰਵਾਰ ਸ਼ਾਮੀਂ 6:40 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਣਗੇ। ਮੁੱਖ ਪ੍ਰੋਗਰਾਮ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਹੋਵੇਗਾ। ਇਹ ਉਹੀ ਪਾਰਕ ਹੈ ਜਿੱਥੇ ਊਧਵ ਦੇ ਪਿਤਾ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਮਸ਼ਹੂਰ ਦੁਸ਼ਹਿਰਾ ਰੈਲੀ ਨੂੰ ਸੰਬੋਧਨ ਕਰਦੇ ਸਨ। ਹਾਲਾਂਕਿ ਬੰਬਈ ਹਾਈ ਕੋਰਟ ਨੇ ਬੁਧਵਾਰ ਨੂੰ ਸੁਰੱਖਿਆ ਸਬੰਧੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਜਨਤਕ ਮੈਦਾਨਾਂ 'ਤੇ ਇਸ ਕਿਸਮ ਦੇ ਪ੍ਰੋਗਰਾਮਾਂ ਨੂੰ ਕਰਵਾਉਣ ਦਾ ਇਹ ਨਿਯਮਤ ਸਿਲਸਿਲਾ ਨਹੀਂ ਹੋਣਾ ਚਾਹੀਦਾ।

ਅੱਜ ਮਹਾਰਾਸ਼ਟਰ ਦੀ 14ਵੀਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋਇਆ ਸੀ ਜਿਸ 'ਚ ਨਵੇਂ ਬਣੇ 285 ਮੈਂਬਰਾਂ ਨੂੰ ਸਹੁੰ ਚੁਕਾਈ ਗਈ, ਪਰ ਮੁੱਖ ਮੰਤਰੀ ਨੇ ਸਹੁੰ ਨਹੀਂ ਸੀ ਚੁੱਕੀ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਠਾਕਰੇ ਪ੍ਰਵਾਰ ਦਾ ਕੋਈ ਮੈਂਬਰ ਸੂਬੇ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਹੈ। ਇਸੇ ਲਈ ਸ਼ਿਵ ਸੈਨਾ ਦੀ ਪੂਰੀ ਕੋਸ਼ਿਸ਼ ਹੈ ਕਿ ਇਸ ਸਹੁੰ–ਚੁਕਾਈ ਸਮਾਰੋਹ ਨੂੰ ਇਤਿਹਾਸਕ ਬਣਾਇਆ ਜਾਵੇ।

ਕਈ ਵੱਡੇ ਆਗੂਆਂ ਨੂੰ ਸੱਦੇ ਭੇਜੇ ਜਾ ਰਹੇ ਹਨ। ਇਨ੍ਹਾਂ ਵਿਚ ਕਈ ਸੂਬਿਆਂ ਦੇ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਵੀ ਸ਼ਾਮਲ ਹਨ। ਸ਼ਿਵਾਜੀ ਪਾਰਕ 'ਚ ਲਗਭਗ 70,000 ਤੋਂ ਵੱਧ ਕੁਰਸੀਆਂ ਲਾਈਆਂ ਜਾ ਰਹੀਆਂ ਹਨ।  6,000 ਵਰਗ ਫ਼ੁੱਟ ਦੇ ਇਕ ਵਿਸ਼ਾਲ ਮੰਚ ਉੱਤੇ ਮਹਿਮਾਨਾਂ ਲਈ 100 ਤੋਂ ਵੱਧ ਕੁਰਸੀਆਂ ਲਾਈਆਂ ਗਈਆਂ ਹਨ।

ਊਧਵ ਠਾਕਰੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਜਿਨ੍ਹਾਂ ਆਗੂਆਂ ਦੇ ਪੁੱਜਣ ਦੀ ਆਸ ਬਣੀ ਹੋਈ ਹੈ। ਉਨ੍ਹਾਂ 'ਚ ਮਹਾਰਾਸ਼ਟਰ ਨਵ–ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ, ਪਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਤੇਲਗੂ ਦੇਸਮ ਪਾਰਟੀ ਦੇ ਆਗੂ ਚੰਦਰਬਾਬੂ ਨਾਇਡੂ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੋੜਾ, ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਲ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੇਰਲ ਦੇ ਵਾਇਨਾਡ ਹਲਕੇ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਆਉਣ ਜਾਂ ਨਾ ਆਉਣ ਬਾਰੇ ਹਾਲੇ ਭੇਤ ਬਰਕਰਾਰ ਹੈ। ਅਜਿਹੇ ਆਗੂਆਂ ਨੂੰ ਹੁਣੇ ਤੋਂ ਸੱਦੇ ਦਿਤੇ ਜਾ ਰਹੇ ਹਨ। ਐਨ.ਸੀ.ਪੀ. ਆਗੂ ਸ਼ਰਦ ਪਵਾਰ ਮਹਿਮਾਨਾਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਰਹੇ ਹਨ। ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਮੰਗਲਵਾਰ ਨੂੰ ਵੀ ਬਿਆਨ ਦਿਤਾ ਸੀ ਕਿ ਉਹ ਸਹੁੰ–ਚੁਕਾਈ ਸਮਾਰੋਹ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸੱਦਾ ਭੇਜਣਗੇ। ਉਂਜ ਹਾਲੇ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਪਾਰਟੀ ਵਲੋਂ ਇਨ੍ਹਾਂ ਦੋਵੇਂ ਭਾਜਪਾ ਆਗੂਆਂ ਨੂੰ ਸੱਦਾ ਭੇਜਿਆ ਜਾਵੇਗਾ ਜਾਂ ਨਹੀਂ।

ਇਸ ਦੌਰਾਨ ਅੱਜ ਹਿਤੇਂਦਰ ਠਾਕੁਰ ਦੀ ਪਾਰਟੀ ਬਹੁਜਨ ਵਿਕਾਸ ਅਘਾੜੀ ਨੇ ਵੀ ਬੁਧਵਾਰ ਨੂੰ ਸ਼ਿਵ ਸੈਨਾ-ਐਨ.ਸੀ.ਪੀ.-ਕਾਂਗਰਸ ਦੇ ਗਠਜੋੜ 'ਮਹਾਰਾਸ਼ਟਰ ਵਿਕਾਸ ਅਘਾੜੀ' ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿਤਾ ਹੈ ਬੀ.ਵੀ.ਏ. ਦੇ ਕੁਲ ਤਿੰਨ ਵਿਧਾਇਕ ਹਨ।