ਸ਼ਾਹੀਨ ਬਾਗ ‘ਚ ਕੋਈ ਮਰ ਕਿਉਂ ਨਹੀਂ ਰਿਹਾ, ਕੀ ਉਹਨਾਂ ਨੇ ਅੰਮ੍ਰਿਤ ਪੀ ਲਿਆ ਹੈ?

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਦਰਸ਼ਨਕਾਰੀਆਂ ‘ਤੇ ਦਲੀਪ ਘੋਸ਼ ਨੇ ਕੀਤਾ ਸਵਾਲ

Photo

ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਲੀਪ ਘੋਸ਼ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ ਪ੍ਰਦਰਸ਼ਨ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ‘ਤੇ ਸਵਾਲ ਕੀਤਾ ਹੈ ਅਤੇ ਪੁੱਛਿਆ ਕਿ ਇੱਥੇ ਕੋਈ ਪ੍ਰਦਰਸ਼ਨਕਾਰੀ ਮਰ ਕਿਉਂ ਨਹੀਂ ਰਿਹਾ ਹੈ? ਦਲੀਪ ਘੋਸ਼ ਨੇ ਮੰਗਲਵਾਰ ਨੂੰ ਪੁੱਛਿਆ ਕਿ ਸ਼ਾਹੀਨ ਬਾਗ ਵਿਚ ਪ੍ਰਦਰਸ਼ਨਕਾਰੀਆਂ ਨੂੰ ਕੁਝ ਕਿਉਂ ਨਹੀਂ ਹੋ ਰਿਹਾ, ਜਦਕਿ ਉਹ ਦਿੱਲੀ ਦੀ ਕੜਾਕੇ ਦੀ ਠੰਢ ਵਿਚ ਖੁੱਲ੍ਹੀ ਥਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।

ਉੱਥੇ ਹੀ ਉਹਨਾਂ ਨੇ ਕਿਹਾ ਉੱਥੇ ਬੰਗਾਲ ਵਿਚ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਤੋਂ ਘਬਰਾਏ ਲੋਕ ‘ਖੁਦਕੁਸ਼ੀ’ ਕਰ ਰਹੇ ਹਨ’। ਨਿਊਜ਼ ਏਜੰਸੀ ਮੁਤਾਬਕ, ਦਲੀਪ ਘੋਸ਼ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਹੈ ਕਿ ਔਰਤਾਂ ਅਤੇ ਬੱਚਿਆਂ ਸਮੇਤ ਪ੍ਰਦਰਸ਼ਨ ਵਿਚ ਸ਼ਾਮਲ ਲੋਕ ਕਿਉਂ ਬਿਮਾਰ ਨਹੀਂ ਪੈ ਰਹੇ ਜਾਂ ਮਰ ਕਿਉਂ ਨਹੀਂ ਰਹੇ ਹਨ।

ਉਹ ਹਫਤਿਆਂ ਤੋਂ ਖੁੱਲ੍ਹੇ ਅਸਮਾਨ ਹੇਠਾਂ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਸੰਸਦ ਮੈਂਬਰ ਨੇ ਇਹ ਜਾਣਨ ਦੀ ਵੀ ਇੱਛਾ ਪ੍ਰਗਟ ਕੀਤੀ ਕਿ ਆਖਿਰਕਾਰ ਇਸ ਪ੍ਰਦਰਸ਼ਨ ਲਈ ਰਕਮ ਕਿੱਥੋਂ ਆ ਰਹੀ ਹੈ। ਦਲੀਪ ਘੋਸ਼ ਨੇ ਕਿਹਾ, ‘ਸਾਨੂੰ ਪਤਾ ਚੱਲਿਆ ਹੈ ਕਿ ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਅਤੇ ਬੱਚੇ ਦਿੱਲੀ ਦੀਆਂ ਠੰਢੀਆਂ ਰਾਤਾਂ ਵਿਚ ਅਸਮਾਨ ਹੇਠਾਂ ਬੈਠੇ ਹਨ'।

'ਮੈ ਹੈਰਾਨ ਹਾਂ ਕਿ ਉਹਨਾਂ ਵਿਚੋਂ ਕੋਈ ਬਿਮਾਰ ਕਿਉਂ ਨਹੀਂ ਹੋਇਆ? ਉਹਨਾਂ ਨੂੰ ਕੁਝ ਹੋਇਆ ਕਿਉਂ ਨਹੀਂ? ਇਕ ਵੀ ਪ੍ਰਦਰਸ਼ਨਕਾਰੀ ਦੀ ਮੌਤ ਕਿਉਂ ਨਹੀਂ ਹੋਈ’?ਦਲੀਪ ਘੋਸ਼ ਨੇ ਕਿਹਾ ਕਿ ਨੋਟਬੰਦੀ ਦੌਰਾਨ ਕਾਫੀ ਕਿਹਾ ਗਿਆ ਕਿ ਲੋਕ ਲਾਈਨਾਂ ਵਿਚ ਮਰ ਰਹੇ ਸੀ ਜਦਕਿ ਔਰਤਾਂ ਬੱਚਿਆਂ ਦੇ ਨਾਲ 4 ਤੋਂ 5 ਡਿਗਰੀ ਤਾਪਮਾਨ ਵਿਚ ਬੈਠੀਆਂ ਹਨ।

ਹੁਣ ਕੋਈ ਨਹੀਂ ਮਰ ਰਿਹਾ, ਕੀ ਉਹਨਾਂ ਨੇ ਅੰਮ੍ਰਿਤ ਪੀ ਲਿਆ ਹੈ? ਦੱਸ ਦਈਏ ਕਿ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੈਂਕੜੇ ਔਰਤਾਂ ਕਰੀਬ ਇਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ।