ਬੰਗਲਾਦੇਸ਼ ਤੋਂ ਆਈ ਮੋਦੀ ਨੂੰ ਚਿੱਠੀ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਲੋਕਾਂ ਨੂੰ ਵੰਡੋ ਨਾ, ਭਾਰਤ ਦੀ ਧਰਮ ਨਿਰਪੱਖ ਪਰੰਪਰਾ ਨੂੰ ਯਾਦ ਰੱਖੋ’

Photo

ਨਵੀਂ ਦਿੱਲੀ: ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਦੇ ਵਿਚਕਾਰ ਰਾਸ਼ਟਰੀ ਪੱਧਰ ‘ਤੇ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਚਿੱਠੀ ਆਈ ਹੈ। ਪੀਐਮ ਮੋਦੀ ਨੂੰ ਲਿਖੀ ਚਿੱਠੀ ਵਿਚ ਬੰਗਲਾਦੇਸ਼ੀ ਸਿੱਖਿਆ ਸ਼ਾਸਤਰੀ ਮੁਮਤਾਜ ਜਹਾਂ ਨੇ ਉਹਨਾਂ ਨੂੰ ਭਾਰਤ ਦੀ ਧਰਮ ਨਿਰਪੱਖਤਾ ਪਰੰਪਰਾ ਦੀ ਯਾਦ ਦਵਾਈ ਹੈ।

ਚਿੱਠੀ ਵਿਚ ਭਾਰਤ ਵਿਚ ਲੋਕਾਂ ਨੂੰ ਵੰਡਣ ਲਈ ਨਿਯਮ ਜਾਂ ਕੰਢਿਆਲੀਆਂ ਤਾਰਾਂ ਜਾਂ ਦਿਵਾਰਾਂ ਨਾ ਬਣਾਉਣ ਦੀ ਅਪੀਲ ਕੀਤੀ ਗਈ ਹੈ। ਮੁਮਤਾਜ ਜਹਾਂ ਬੰਗਲਾਦੇਸ਼ ਫੋਰਮ ਫਾਰ ਐਜੁਕੇਸ਼ਨ ਡਿਵੈਲਪਮੈਂਟ ਦੇ ਸੰਸਥਾਪਕ ਮੈਂਬਰ ਹਨ। ਇਸ ਦੇ ਨਾਲ ਹੀ ਉਹ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਵੀ ਰਹਿ ਚੁੱਕੇ ਹਨ।

ਮੁਮਤਾਜ ਨੇ ਲਿਖਿਆ ਹੈ ਕਿ ਅਸੀਂ ਹਮੇਸ਼ਾਂ ਤੋਂ ਭਾਰਤ ਨੂੰ ਇਕ ਲੋਕਤੰਤਰਿਕ ਦੇਸ਼ ਅਤੇ ਜੀਵਤ ਲੋਕਤੰਤਰ ਦੇ ਰੂਪ ਵਿਚ ਦੇਖਦੇ ਰਹੇ ਹਾਂ। ਉਹਨਾਂ ਨੇ ਅੱਗੇ ਲਿਖਿਆ ਕਿ ਅਸੀਂ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਅਤੇ ਸਿਟੀਜ਼ਨਸ਼ਿਪ ਰਜਿਸਟਰ ਦੀ ਸੰਭਾਵਨਾ ਨਾਲ ਭਾਰਤ ਨੂੰ ਨਹੀਂ ਸਮਝ ਪਾ ਰਹੇ।

ਉਹਨਾਂ ਕਿਹਾ, ਮੈਂ ਅਪਣੀਆਂ ਭਾਵਨਾਵਾਂ ਵਿਅਕਤ ਕਰਦੇ ਹੋਏ ਤੁਹਾਨੂੰ ਅਪੀਲ ਕਰ ਰਿਹਾ ਹਾਂ ਅਤੇ ਇਸ ਲਈ ਤੁਹਾਨੂੰ ਇਹ ਚਿੱਠੀ ਲਿਖ ਰਿਹਾ ਹਾਂ। ਮਮਤਾਜ਼ ਨੇ ਚਿੱਠੀ ਵਿਚ ਲਿਖਿਆ ਕਿ ਬੰਗਲਾਦੇਸ਼ ਮੇਰੇ ਦੇਸ਼ ਦੇ ਜਨਮ ਲਈ ਉਸ ਸਮੇਂ ਦੀ ਸਰਕਾਰ, ਫੌਜ ਅਤੇ ਭਾਰਤ ਦੇ ਲੋਕਾਂ ਦਾ ਰਿਣੀ ਹੈ।

ਉਹਨਾਂ ਲਿਖਿਆ ਹੈ ਕਿ ਸਾਡਾ ਕਦੀ ਨਾ ਟੁੱਟਣ ਵਾਲਾ ਰਿਸ਼ਤਾ ਭਾਰਤੀ ਫੌਜ ਦੇ ਜਵਾਨਾਂ ਅਤੇ ਬੰਗਾਲੀ ਸੁਤੰਤਰਤਾ ਸੈਨਾਨੀਆਂ ਦੋਵਾਂ ਦੇ ਬਲੀਦਾਨ ਨਾਲ ਪੈਦਾ ਹੋਇਆ ਹੈ। ਉਹਨਾਂ ਨੇ ਲਿਖਿਆ, ‘ਮੈਂ ਹੈਰਾਨ ਹਾਂ ਕਿ ਤੁਸੀਂ ਇਕ ਅਸਾਧਾਰਣ ਤੌਰ ਤੇ ਵੰਡਣ ਵਾਲਾ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਹੈ, ਜੋ ਕਿ ਲਾਜ਼ਮੀ ਤੌਰ 'ਤੇ ਭਾਰਤ ਅਤੇ ਬੰਗਲਾਦੇਸ਼ ਵਿਚ ਲੰਬੇ ਸਮੇਂ ਤੋਂ ਧਰਮ-ਨਿਰਪੱਖ ਵਿਚਾਰਧਾਰਾ ਵਾਲੀ ਭਾਰਤੀਆਂ ਦੀ ਸ਼ਾਨਦਾਰ ਵਿਰਾਸਤ ਨੂੰ ਪ੍ਰਭਾਵਤ ਕਰੇਗਾ’।