ਕੈਮਰੇ ਸਾਹਮਣੇ ਰਾਕੇਸ਼ ਟਿਕੈਤ ਨੇ ਵਿਅਕਤੀ ਨੂੰ ਜੜਿਆ ਥੱਪੜ, ਕਿਹਾ, ਬੁਰੀ ਮਾਨਸਿਕਤਾ ਵਾਲੇ ਚਲੇ ਜਾਣ
ਮੀਡੀਆ ਨਾਲ ਗ਼ਲਤ ਵਤੀਰਾ ਕਰ ਰਿਹਾ ਸੀ ਵਿਅਕਤੀ- ਕਿਸਾਨ ਆਗੂ
ਨਵੀਂ ਦਿੱਲੀ : ਬੀਤੀ ਰਾਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ‘ਤੇ ਕੈਮਰੇ ਸਾਹਮਣੇ ਹੀ ਇਕ ਵਿਅਕਤੀ ਦੇ ਥੱਪੜ ਜੜ ਦਿਤਾ। ਉਨ੍ਹਾਂ ਨੇ ਉਸ ਵਿਅਕਤੀ ਨੂੰ ਤੁਰਤ ਮੋਰਚਾ ਛੱਡਣ ਲਈ ਕਿਹਾ। ਥੱਪੜ ਮਾਰਨ ਸਮੇਂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਸਾਡੀ ਜਥੇਬੰਦੀ ਦਾ ਮੈਂਬਰ ਨਹੀਂ ਹੈ। ਉਹ ਲਾਠੀ ਚੁੱਕ ਰਿਹਾ ਸੀ ਅਤੇ ਕੁਝ ਗ਼ਲਤ ਕਹਿਣ ਹੀ ਵਾਲਾ ਸੀ। ਉਹ ਮੀਡੀਆ ਵਾਲਿਆਂ ਨਾਲ ਵੀ ਗ਼ਲਤ ਵਤੀਰਾ ਕਰ ਰਿਹਾ ਸੀ। ਜੋ ਵੀ ਇਥੇ ਗ਼ਲਤ ਇਰਾਦੇ ਜਾਂ ਗ਼ਲਤ ਮਾਨਸਿਕਤਾ ਨਾਲ ਹੈ, ਉਹ ਤੁਰਤ ਇਹ ਜਗ੍ਹਾ ਛੱਡ ਦੇਣ।
ਦਸਣਯੋਗ ਹੈ ਕਿ ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕੇਂਦਰ ਨੇ ਬੀਤੀ ਰਾਤ ਗਾਜ਼ੀਪੁਰ ਬਾਰਡਰ ‘ਤੇ ਕਾਨੂੰਨ-ਵਿਵਸਥਾ ਬਣਾ ਕੇ ਰੱਖਣ ਲਈ ਰੈਪਿਡ ਐਕਸ਼ਨ ਫੋਰਸ ਦੀਆਂ ਚਾਰ ਕੰਪਨੀਆਂ ਦੀ ਤੈਨਾਤੀ ਦੀ ਮਿਆਦ 4 ਫ਼ਰਵਰੀ ਤਕ ਵਧਾ ਦਿਤੀ ਹੈ।
ਗਾਜ਼ੀਪੁਰ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਰਡਰ ਖ਼ਾਲੀ ਕਰਨ ਦਾ ਨੋਟਿਸ ਵੀ ਦਿਤਾ ਹੈ ਪਰ ਕਿਸਾਨਾਂ ਨੇ ਜਗ੍ਹਾ ਖ਼ਾਲੀ ਕਰਨ ਤੋਂ ਨਾਂਹ ਕਰ ਦਿਤੀ ਹੈ।
ਇਸ ਦੌਰਾਨ ਬੀਤੀ ਰਾਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਵੁਕ ਲਹਿਜ਼ੇ ਵਿਚ ਐਲਾਨ ਕੀਤਾ ਸੀ ਕਿ ਉਹ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਪਰ ਮੋਰਚਾ ਬਾਰਡਰ ਖ਼ਾਲੀ ਨਹੀਂ ਕਰਨਗੇ। ਰਾਤੋ-ਰਾਤ ਬਦਲੇ ਮਾਹੌਲ ਤੋਂ ਬਾਅਦ ਕਿਸਾਨੀ ਮੋਰਚੇ ਨੂੰ ਹਮਾਇਤ ਦੇਣ ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ ਉਤੇ ਪਹੁੰਚ ਰਹੇ ਹਨ।