ਲੋਕ ਸਭਾ ਚੋਣਾਂ ਦਾ ਚੌਥਾ ਗੇੜ : ਨੌਂ ਸੂਬਿਆਂ ਦੇ 72 ਹਲਕਿਆਂ ਵਿਚ ਵੋਟਾਂ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤਕ ਦੇਸ਼ ਭਰ ਦੇ ਅੱਧੇ ਤੋਂ ਵੱਧ ਲੋਕ ਸਭਾ ਹਲਕਿਆਂ ਵਿਚ ਵੋਟਾਂ ਪਈਆਂ

Lok Sabha election 2019: Phase 4 of voting today

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਵੋਟਾਂ 29 ਅਪ੍ਰੈਲ ਨੂੰ ਪੈ ਰਹੀਆਂ ਹਨ। ਦੇਸ਼ ਦੇ ਨੌਂ ਸੂਬਿਆਂ ਦੇ 72 ਲੋਕ ਸਭਾ ਹਲਕਿਆਂ 'ਤੇ ਉਮੀਦਵਾਰ ਚੁਣਨ ਲਈ ਵੋਟਾਂ ਪੈਣਗੀਆਂ। ਤੀਜੇ ਗੇੜ ਲਈ 23 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਹੁਣ ਤਕ ਦੇਸ਼ ਭਰ ਦੇ ਅੱਧੇ ਤੋਂ ਵੱਧ ਲੋਕ ਸਭਾ ਹਲਕਿਆਂ ਵਿਚ ਵੋਟਾਂ ਪੈ ਚੁਕੀਆਂ ਹਨ।
ਚੌਥੇ ਗੇੜ 'ਚ ਬਿਹਾਰ, ਜੰਮੂ ਅਤੇ ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਦੀਆਂ ਕੁੱਝ ਸੀਟਾਂ 'ਤੇ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਮੁਤਾਬਕ ਬਹੁਤੇ ਹਲਕਿਆਂ ਲਈ ਵੋਟਾਂ ਪਾਉਣ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਹੈ ਜਦਕਿ ਜੰਮੂ ਅਤੇ ਕਸ਼ਮੀਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਕੁੱਝ ਸੰਵੇਦਨਸ਼ੀਲ ਹਲਕਿਆਂ ਵਿਚ ਵੋਟਾਂ ਦਾ ਅਮਲ ਸ਼ਾਮ ਚਾਰ ਵਜੇ ਖ਼ਤਮ ਹੋ ਜਾਵੇਗਾ।

ਉੜੀਸਾ ਵਿਚ ਵਿਧਾਨ ਸਭਾ ਚੋਣ ਲਈ ਵੀ ਵੋਟਾਂ ਪੈਣਗੀਆਂ। ਇਥੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪੈਣਗੀਆਂ ਜਿਹੜੇ ਸਬੰਧਤ ਸੰਸਦੀ ਹਲਕਿਆਂ ਵਿਚ ਪੈਂਦੇ ਹਨ। ਬਿਹਾਰ ਦੇ ਦਰਭੰਗਾ, ਮੁੰਗਰ, ਉਜਿਆਰਪੁਰ, ਸਮਸਤੀਪੁਰ, ਬੇਗੂਸਰਾਏ ਵਿਚ ਵੋਟਾਂ ਪੈਣਗੀਆਂ। ਮੱਧ ਪ੍ਰਦੇਸ਼ ਵਿਚ ਬਾਲਾਘਾਟ, ਸਿੱਧੀ, ਜਬਲਪੁਰ, ਮੰਡਲਾ, ਸ਼ਾਹਦੋਲ ਹਲਕਿਆਂ ਵਿਚ ਵੋਟਾਂ ਪੈਣਗੀਆਂ। ਯੂਪੀ ਦੇ ਸ਼ਾਹਜਹਾਂਪੁਰ, ਖੇੜੀ, ਹਰਦੋਈ, ਮਿਸਰਿਖ, ਉਨਾਊ, ਫ਼ਰੂਖਾਬਾਦ ਹਲਕਿਆਂ ਵਿਚ ਵੋਟਾਂ ਪੈਣਗੀਆਂ।  ਪਛਮੀ ਬੰਗਾਲ ਦੀਆਂ ਅੱਠ ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ। ਇਸ ਗੇੜ 'ਚ ਕੁਲ 68 ਉਮੀਦਵਾਰ ਮੈਦਾਨ ਵਿਚ ਹਨ।

ਇਥੇ ਬਹਰਾਮਪੁਰ, ਆਸਨਸੋਲ ਅਤੇ ਰਾਣਾਘਾਟ ਸੀਟਾਂ ਅਹਿਮ ਮੰਨੀਆਂ ਜਾ ਰਹੀਆਂ ਸਨ। ਅੱਠ ਸੰਸਦੀ ਖੇਤਰਾਂ ਵਿਚ 1,34,56,491 ਵੋਟਰ ਹਨ। ਰਾਜਸਥਾਨ ਵਿਚ 13 ਲੋਕ ਸਭਾ ਸੀਟਾਂ ਲਈ ਮਤਦਾਨ ਹੋਵੇਗਾ। ਇਥੇ ਚੋਣਾਂ ਦਾ ਪਹਿਲਾ ਦੌਰ ਹੈ ਅਤੇ ਕੁਲ 115 ਉਮੀਦਵਾਰ ਮੈਦਾਨ ਵਿਚ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ, ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਅਤੇ ਪੀਪੀ ਚੌਧਰੀ ਵੀ ਚੋਣ ਮੈਦਾਨ ਵਿਚ ਹਨ।

ਜੋਧਪੁਰ ਸੀਟ ਸੱਭ ਤੋਂ ਅਹਿਮ ਹੈ ਜਿਥੇ ਮੁੱਖ ਮੰਤਰੀ ਦੇ ਬੇਟੇ ਸਾਹਮਣੇ ਭਾਜਪਾ ਦੇ ਗਜੇਂਦਰ ਸਿੰਘ ਹਨ। ਮਹਾਰਾਸ਼ਟਰ ਦੀਆਂ 17 ਸੀਟਾਂ 'ਤੇ ਮਤਦਾਨ ਹੋਵੇਗਾ। ਇਥੇ ਕੇਂਦਰੀ ਮੰਤਰੀ ਸੁਭਾਸ਼ ਭਾਮਰੇ, ਕਾਂਗਸ ਦੇ ਮਿਲਿੰਦ ਦੇਵੜਾ ਅਤੇ ਉਰਮਿਲਾ ਮਾਤੋਂਡਕਰ ਸਮੇਤ 323 ਉਮੀਦਵਾਰ ਮੈਦਾਨ ਵਿਚ ਹਨ। ਕੁਲ 3.11 ਵੋਟਰ ਅਪਣੇ ਹੱਕ ਦੀ ਵਰਤੋਂ ਕਰਨਗੇ।  ਨੰਦੂਰਬਾਰ, ਧੁਲੇ, ਪਾਲਘਰ, ਮੁੰਬਈ ਉੱਤਰ ਪੱਛਮ ਸੀਟਾਂ ਅਹਿਮ ਮੰਨੀਆਂ ਜਾ ਰਹੀਆਂ ਹਨ।