ਕਾਂਗਰਸੀ ਆਗੂਆਂ ਨੂੰ ਮਿਲੇ ਕੁਮਾਰਸਵਾਮੀ, ਵਿਭਾਗਾਂ ਦੀ ਵੰਡ ਬਾਰੇ ਹੋਈ ਗੱਲਬਾਤ
ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਗਠਜੋੜ ਸਰਕਾਰ ਵਿਚ ਵਿਭਾਗਾਂ ...
ਨਵੀਂ ਦਿੱਲੀ, : ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਗਠਜੋੜ ਸਰਕਾਰ ਵਿਚ ਵਿਭਾਗਾਂ ਬਾਰੇ ਚੱਲ ਰਹੀ ਖਿੱਚੋਤਾਣ ਦੇ ਮਸਲੇ 'ਤੇ ਗੱਲਬਾਤ ਕੀਤੀ। ਕੁਮਾਰਸਵਾਮੀ ਦੀ ਪਾਰਟੀ ਜੇਡੀਐਸ ਨੇ ਇਸ ਨੂੰ 'ਹਾਂਪੱਖੀ' ਗੱਲਬਾਤ ਕਰਾਰ ਦਿਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਅਗਲੇ ਇਕ ਦੋ ਦਿਨਾਂ ਵਿਚ ਵਿਭਾਗਾਂ ਦੀ ਵੰਡ ਦੇ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ।
ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਦੇ ਘਰ ਹੋਈ ਕਰੀਬ ਡੇਢ ਘੰਟੇ ਦੀ ਮੁਲਾਕਾਤ ਮਗਰੋਂ ਜੇਡੀਐਸ ਦੇ ਜਨਰਲ ਸਕੱਤਰ ਕੁੰਵਰ ਦਾਨਿਸ਼ ਅਲੀ ਨੇ ਦਸਿਆ, 'ਦੋਹਾਂ ਪਾਰਟੀਆਂ ਵਿਚਕਾਰ ਹਾਂਪੱਖੀ ਗੱਲਬਾਤ ਹੋਈ ਹੈ। ਗਠਜੋੜ ਦੇ ਕੁੱਝ ਮਸਲਿਆਂ ਬਾਰੇ ਅਲੱਗ ਰਾਏ ਹੋਣਾ ਕੁਦਰਤੀ ਗੱਲ ਹੈ। ਵਿਭਾਗਾਂ ਬਾਰੇ ਕੁੱਝ ਗੱਲਾਂ ਹਨ ਜਿਨ੍ਹਾਂ ਨੂੰ ਇਕ ਦੋ ਦਿਨ ਵਿਚ ਹੱਲ ਕਰ ਲਿਆ ਜਾਵੇਗਾ।'
ਬੈਠਕ ਵਿਚ ਅਹਿਮਦ ਪਟੇਲ, ਡੀ ਕੇ ਸ਼ਿਵਕੁਮਾਰ, ਮਲਿਕਾਅਰਜੁਨ ਖੜਗੇ, ਸਿਧਾਰਮਈਆ, ਕੇਸੀ ਵੇਣੂਗੋਪਾਲ ਅਤੇ ਜੀ ਪਰਮੇਸ਼ਵਰ ਸ਼ਾਮਲ ਹੋਏ। ਬੈਠਕ ਤੋਂ ਪਹਿਲਾਂ ਵੇਣੁਗੋਪਾਲ ਨੇ ਕਿਹਾ ਸੀ ਕਿ ਕਰਨਾਟਕ ਵਿਚ ਵਿਭਾਗਾਂ ਦੀ ਵੰਡ ਨੂੰ ਇਕ ਦੋ ਦਿਨ ਵਿਚ ਅੰਤਮ ਰੂਪ ਦੇ ਦਿਤਾ ਜਾਵੇਗਾ। ਸੂਤਰਾਂ ਮੁਤਾਬਕ ਦੋਹਾਂ ਪਾਰਟੀਆਂ ਵਿਚਕਾਰ ਮੁੱਖ ਤੌਰ 'ਤੇ ਵਿੱਤ ਵਿਭਾਗ 'ਤੇ ਪੇਚ ਫਸਿਆ ਹੋਇਆ ਹੈ। (ਏਜੰਸੀ)