ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਵਾਹ-ਵਾਹ ਲੁੱਟ ਰਹੇ ਸੋਨੂੰ ਸੂਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ 'ਚ ਫਸੀਆਂ 150 ਪ੍ਰਵਾਸੀ ਔਰਤਾਂ ਲਈ ਕੀਤਾ ਉਡਾਨਾਂ ਦਾ ਪ੍ਰਬੰਧ

Photo

ਮੁੰਬਈ: ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਤੋਂ ਵੀ ਜ਼ਿਆਦਾ ਬਾਲੀਵੁੱਡ ਅਦਾਕਾਰ ਸੋਨੂੰ ਸੂਦ 'ਤੇ ਯਕੀਨ ਹੈ। ਸੋਨੂੰ ਸੂਦ ਮੁਸ਼ਕਿਲ ਦੀ ਘੜੀ ਵਿਚ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਹਨ, ਸੋਨੂੰ ਸੂਦ ਨੇ ਉਹ ਕਰ ਦਿਖਾਇਆ ਜੋ ਵੱਡੀਆਂ ਸਰਕਾਰਾਂ ਨਹੀਂ ਕਰ ਸਕੀਆਂ।

ਉਹਨਾਂ ਨੇ ਅਪਣੇ ਦਮ 'ਤੇ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ। ਕੇਰਲ ਦੇ ਕੋਚੀ ਵਿਚ ਫਸੀਆਂ ਓਡੀਸ਼ਾ ਦੀਆਂ 150 ਔਰਤਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਸੋਨੂੰ ਸੂਦ ਨੇ ਸਿੱਧਾ ਚਾਰਟਡ ਪਲੇਨ ਦਾ ਪ੍ਰਬੰਧ ਕੀਤਾ ਹੈ।

ਇਹ ਸਾਰੀਆਂ ਔਰਤਾਂ ਕੋਚੀ ਦੀ ਇਕ ਫੈਕਟਰੀ ਵਿਚ ਕੰਮ ਕਰਦੀਆਂ ਸਨ ਅਤੇ ਲੌਕਡਾਊਨ ਤੋਂ ਬਾਾਅਦ ਇਹਨਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਇਹਨਾਂ ਔਰਤਾਂ ਨੂੰ ਘਰ ਪਹੁੰਚਾਉਣ ਦਾ ਬੀੜਾ ਸੋਨੂੰ ਸੂਦ ਨੇ ਚੁੱਕਿਆ ਹੈ। ਇਹ ਔਰਤਾਂ ਓਡੀਸ਼ਾ ਦੇ ਕੇਂਦਰਪਾੜਾ ਦੀਆਂ ਰਹਿਣ ਵਾਲੀਆਂ ਹਨ।

ਮੀਡੀਆ ਰਿਪੋਰਟ ਅਨੁਸਾਰ ਇਹਨਾਂ ਔਰਤਾਂ ਨੂੰ ਅੱਜ ਸਵੇਰੇ ਹੀ ਕੋਚੀ ਤੋਂ ਭੁਵਨੇਸ਼ਵਰ ਏਅਰਪੋਰਟ ਲਈ ਭੇਜਿਆ ਗਿਆ, ਇਹਨਾਂ ਔਰਤਾਂ ਦੇ ਨਾਲ 10 ਹੋਰ ਫੈਕਟਰੀ ਕਰਮਚਾਰੀਆਂ ਨੂੰ ਭੇਜਿਆ ਗਿਆ। ਇਸ ਤੋਂ ਪਹਿਲਾਂ ਕੋਚੀ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਔਰਤਾਂ ਨੂੰ ਸਪੈਸ਼ਲ ਟਰੇਨਾਂ ਜ਼ਰੀਏ ਪਹੁੰਚਾਉਣ ਦੀ ਤਿਆਰੀ ਕੀਤੀ ਸੀ ਪਰ ਉਹ ਸਮੇਂ 'ਤੇ ਉਹਨਾਂ ਦੀ ਟਿਕਟ ਨਹੀਂ ਕਰਵਾ ਸਕੇ। ਉਸ ਸਮੇਂ ਤੋਂ ਇਹ ਔਰਤਾਂ ਫਸੀਆਂ ਹੋਈਆਂ ਸਨ।

ਸੋਨੂੰ ਸੂਦ ਇਸ ਸਮੇਂ ਕਈ ਹਜ਼ਾਰ ਮਜ਼ਦੂਰਾਂ ਨੂੰ ਸੁਰੱਖਿਅਤ ਉਹਨਾਂ ਦੇ ਘਰ ਪਹੁੰਚਾ ਚੁੱਕੇ ਹਨ। ਇਸ ਦੇ ਲ਼ਈ ਉਹ ਦਿਨ-ਰਾਤ ਇਕ ਕਰ ਕੇ ਕੰਮ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਸੋਨੂੰ ਸੂਦ ਦੀਆਂ ਤਾਰੀਫਾਂ ਹੋ ਰਹੀਆਂ ਹਨ। ਲੋਕ ਉਹਨਾਂ ਨੂੰ ਅਸਲੀ ਹੀਰੋ ਕਹਿ ਰਹੇ ਹਨ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਉਹਨਾਂ ਨੂੰ ਦੁਆਵਾਂ ਦੇ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।