ਅਹਿਮਦਾਬਾਦ : ਪਿਛਲੇ ਕੁੱਝ ਮਹੀਨਿਆਂ ਤੋਂ ਵਡੋਦਰਾ ਹਲਕੇ ਦੇ ਤਿੰਨ ਵਿਧਾਇਕ ਅਫ਼ਸਰਾਂ ਦੇ ਕੰਮਕਾਜ ਤੋਂ ਕਾਫ਼ੀ ਦੁਖੀ ਨਜ਼ਰ ਆ ਰਹੇ ਹਨ। ਤਿੰਨਾਂ ਵਿਧਾਇਕਾਂ ਨੇ ਮੁੱਖ ਮੰਤਰੀ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਵਡੋਦਰਾ ਦੇ ਤਿੰਨ ਵਿਧਾਇਕ ਕੇਤਨ ਇਨਾਮਦਾਰ, ਮਧੂ ਸ੍ਰੀਵਾਸਤਵ ਅਤੇ ਯੋਗੇਸ਼ ਪਟੇਲ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਨ੍ਹਾਂ ਤਿੰਨਾਂ ਵਿਧਾਇਕਾਂ ਦੀ ਨਾਰਾਜ਼ਗੀ ਉਦੋਂ ਸਾਹਮਣੇ ਆਈ ਜਦ ਮੁੱਖ ਮੰਤਰੀ ਵਿਜੇ ਰੁਪਾਣੀ ਵਫ਼ਦ ਨਾਲ ਇਜ਼ਰਾਇਲ ਦੌਰੇ 'ਤੇ ਹਨ। ਵਿਜੇ ਰੁਪਾਣੀ ਇਕ ਜੁਲਾਈ ਨੂੰ ਮੁੜਨਗੇ।
ਤਿੰਨਾਂ ਵਿਧਾਇਕਾਂ ਨੇ ਬੁਧਵਾਰ ਨੂੰ ਵਡੋਦਰਾ ਸਰਕਟ ਹਾਊਸ ਵਿਚ ਗੁਪਤ ਬੈਠਕ ਕੀਤੀ। ਬੈਠਕ ਵਿਚ ਸਰਕਾਰੀ ਅਧਿਕਾਰੀਆਂ ਤੋਂ ਨਾਰਾਜ਼ਗੀ ਦੇ ਮਸਲੇ 'ਤੇ ਗੱਲ ਹੋਈ। ਬੈਠਕ ਮਗਰੋਂ ਵਿਧਾਇਕਾਂ ਨੇ ਤੈਅ ਕੀਤਾ ਕਿ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਆਗੂਆਂ ਨੂੰ ਜਾਣੂੰ ਕਰਾਇਆ ਜਾਵੇਗਾ। ਕੇਤਨ ਇਨਾਮਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੇ ਕੰਮਕਾਜ ਬਾਰੇ ਉਨ੍ਹਾਂ ਕਈ ਵਾਰ ਸ਼ਿਕਾਇਤ ਕੀਤੀ ਪਰ ਇਸ ਦੇ ਬਾਵਜੂਦ ਕੰਮ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਅਫ਼ਸਰਾਂ ਦੇ ਕੰਮਕਾਜ ਤੋਂ ਵਿਧਾਇਕ ਨਾਰਾਜ਼ ਹਨ। ਉਧਰ, ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦਾ ਕੰਮ ਕੈਬਨਿਟ ਮੰਤਰੀ ਭੁਪਿੰਦਰ ਚੁਡਾਸਮਾ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਾਰਾਜ਼ ਵਿਧਾਇਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਮਾਮਲਾ ਛੇਤੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਾਡੇਜਾ ਨੂੰ ਵੀ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦਾ ਕੰਮ ਸੌਂਪਿਆ ਗਿਆ ਹੈ। (ਏਜੰਸੀ)